ਚੰਡੀਗੜ੍ਹ 8 ਮਾਰਚ( ਵਿਸ਼ਵ ਵਾਰਤਾ ਡੈਸਕ )-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ , ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ , ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਭਾਈ ਮੋਹਕਮ ਸਿੰਘ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਅਤੇ ਸ ਸ ਸਤਨਾਮ ਸਿੰਘ ਮਨਾਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਦੋਸ਼ ਲਾਉਂਦਿਆਂ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਕਤਲ ਦੇ ਦੋਸ਼ੀਆਂ ਵਾਂਗ ਨਕੋਦਰ ਕਾਂਡ ਦੇ ਦੋਸ਼ੀਆਂ ਦੀ ਵੀ ਬਾਦਲ ਪੁਸ਼ਤਪਨਾਹੀ ਕਰਦੇ ਰਹੇ ਹਨ। ਅੱਜ ਅੰਮ੍ਰਿਤਸਰ ਵਿਖੇ ਪੰਥਕ ਆਗੂਆਂ ਦੀ ਹੋਈ ਇੱਕ ਮੀਟਿੰਗ ਤੋਂ ਬਾਅਦ ਉਕਤ ਆਗੂਆਂ ਨੇ ਕਿਹਾ ਕਿ ਇਹਨਾਂ ਕਰਕੇ ਅੱਜ ਤੱਕ ਪੀੜਤ ਪਰਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਹ ਇਨਸਾਫ਼ ਲਈ ਅੱਜ ਵੀ ਦਰ ਦਰ ਭਟਕ ਰਹੇ ਹਨ ।ਜਥੇਦਾਰ ਕਾਉਂਕੇ ਦੀਆਂ ਜਾਂਚ ਰਿਪੋਰਟਾਂ ਵਾਂਗ ਬਾਦਲਾਂ ਨੇ ਨਕੋਦਰ ਕਾਂਡ ਦੀਆਂ ਰਿਪੋਰਟਾਂ ਆਪਣੀਆਂ ਤਿੰਨ ਸਰਕਾਰਾਂ ਵਿੱਚ ਦਬਾਈ ਰੱਖੀਆਂ। ਉਹਨਾਂ ਕਿਹਾ ਦੋ ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਨਕੋਦਰ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਸਿੱਖ ਨੌਜਵਾਨਾਂ ਨੂੰ ਉਸ ਸਮੇਂ ਜਲੰਧਰ ਜ਼ਿਲ੍ਹੇ ਦੇ ਪੁਲਿਸ ਮੁਖੀ ਇਜਹਾਰ ਆਲਮ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਸਭ ਲੋਕਾਂ ਦੇ ਸਾਹਮਣੇ ਸ਼ਰੇਆਮ ਮੂੰਹ ਵਿੱਚ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ। ਉਸ ਸਮੇਂ ਗੋਲੀ ਚਲਾਉਣ ਦੇ ਆਰਡਰ ਸ ਦਰਬਾਰਾ ਸਿੰਘ ਗੁਰੂ ਨੇ ਦਿੱਤੇ ਸਨ । ਬਾਅਦ ਵਿਚ ਨਕੋਦਰ ਕਾਂਡ ਦੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਸ ਪ੍ਰਕਾਸ਼ ਸਿੰਘ ਬਾਦਲ ਤੇ ਸ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਰਕਾਰ ਵਿੱਚ ਇਜਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਉਸਦੀ ਘਰਵਾਲੀ ਨੂੰ ਵਿਧਾਇਕ ਤੇ ਸੰਸਦੀ ਸਕੱਤਰ ਬਣਾਇਆ। ਇਸੇ ਤਰ੍ਹਾਂ ਸ ਦਰਬਾਰਾ ਸਿੰਘ ਗੁਰੂ ਨੂੰ ਸ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅਕਾਲੀ ਸਰਕਾਰ ਵਿੱਚ ਆਪਣਾ ਪ੍ਰਿੰਸੀਪਲ ਸੈਕਟਰੀ ਲਾਇਆ। ਉਹਨਾਂ ਕਿਹਾ ਜਿਹਨਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਸਨ ਉਹਨਾਂ ਨੇ ਦੋਸ਼ੀਆਂ ਨੂੰ ਇਕੱਲਾ ਆਪਣੀ ਬੁੱਕਲ ਵਿੱਚ ਲੁਕੋਇਆ ਹੀ ਨਹੀਂ ਸਗੋਂ ਇਹਨਾਂ ਦੋਸ਼ੀਆਂ ਨੂੰ ਵੱਡੇ ਤੋਂ ਵੱਡੇ ਅਹੁਦਿਆਂ ਨਾਲ਼ ਨਿਵਾਜਦੇ ਰਹੇ ਤੇ ਪੀੜਤ ਪਰਵਾਰਾਂ ਤੇ ਜ਼ਖਮਾਂ ਤੇ ਲੂਣ ਛਿੜਕ ਦੇ ਰਹੇ। ਸੋ ਪ੍ਰਕਾਸ਼ ਸਿੰਘ ਬਾਦਲ ਸਤਾ ਤੋਂ ਪਹਿਲਾਂ ਇਹ ਐਲਾਨ ਕਰਦੇ ਰਹੇ ਕਿ ਉਹ ਸਤਾ ਵਿੱਚ ਆਉਣ ਤੇ ਜਿਹਨਾਂ ਲੋਕਾਂ ਨੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਹੈ ਉਹਨਾਂ ਵਿਰੁੱਧ ਜਾਂਚ ਕਰਵਾਕੇ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ਼ ਕਰਵਾ ਕੇ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਗੇ। ਪਰ ਉਹ ਉਲਟਾ ਦੋਸ਼ੀਆਂ ਤੇ ਕਾਤਲਾਂ ਨਾਲ ਰਲ਼ ਗਏ । ਅੱਜ ਇਹੋ ਕਾਰਨ ਹੈ ਕਿ ਬਾਦਲਾਂ ਨੇ ਕੌਂਮ ਨੂੰ ਇਨਸਾਫ਼ ਨਹੀਂ ਦਿੱਤਾ ਤੇ ਉਲਟਾ ਦੋਸ਼ੀਆਂ ਦੀ ਹਮਾਇਤ ਵਿੱਚ ਖਲੋ ਗਏ। ਇਹੋ ਕਾਰਨ ਹੈ ਕਿ ਅੱਜ ਸਿੱਖ ਕੌਮ ਤੇ ਪੰਜਾਬੀਆਂ ਨੇ ਬਾਦਲਾਂ ਨੂੰ ਨਿਕਾਰ ਕੇ ਘਰ ਬਿਠਾ ਦਿੱਤਾ ਹੈ। ਬਿਆਨ ਦੇ ਅਖੀਰ ਵਿੱਚ ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਜਥੇਦਾਰ ਕਾਉਂਕੇ ਤੇ ਨਕੋਦਰ ਕਾਂਡ ਦੀਆਂ ਜਾਂਚ ਰਿਪੋਰਟਾਂ ਦਬਾਉਣ ਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ। ਅੱਜ ਦੀ ਮੀਟਿੰਗ ਵਿੱਚ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ,ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਹੈਡਮਾਸਟਰ ਪਲਵਿੰਦਰ ਸਿੰਘ , ਪਲਵਿੰਦਰ ਸਿੰਘ ਪੰਨੂ , ਸੁਖਜਿੰਦਰ ਸਿੰਘ ਬਿੱਟੂ ਮਜੀਠੀਆ ,ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਆਦਿ ਆਗੂ ਹਾਜਰ ਸਨ।