ਛੱਪੜ ਚ ਨਹਾਉਂਦੇ ਮਜਦੂਰ ਪਰਿਵਾਰ ਦੇ 2 ਸਕੇ ਭਰਾਵਾਂ ਸਮੇਤ 3 ਬੱਚਿਆਂ ਦੀ ਮੌਤ
ਮਾਨਸਾ, 3 ਅਕਤੂਬਰ(ਵਿਸ਼ਵ ਵਾਰਤਾ)ਮਾਨਸਾ ਨੇੜਲੇ ਪਿੰਡ ਮਾਨਬੀਬੜੀਆਂ ਵਿਖੇ ਐਤਵਾਰ ਦੀ ਸ਼ਾਮ ਨੂੰ ਛੱਪੜ ਵਿੱਚ ਨਹਾਉਣ ਗਏ ਮਜਦੂਰ ਪਰਿਵਾਰ ਦੇ ਦੋ ਸਕੇ ਭਰਾਵਾਂ ਸਮੇਤ 3 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਮਾਤਮ ਛਾ ਗਿਆ ਹੈ। ਤਿੰਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜੀਆਂ ਗਈਆਂ ਹਨ।
ਸਦਰ ਥਾਣਾ ਮਾਨਸਾ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਇਸ ਮਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਨਬੀਬੜੀਆਂ ਦੇ ਮਦੂਜਰ ਪਰਿਵਾਰ ਨਾਲ ਸਬੰਧਿਤ ਦੋ ਸਕੇ ਭਰਾ ਲਵਰਾਜ 8, ਦਿਲਰਾਜ 6 ਦੋਵੇਂ ਸਕੇ ਭਰਾ ਪੁੱਤਰ ਨਿਰਮਲ ਸਿੰਘ ਅਤੇ ਉਨ੍ਹਾਂ ਦੇ ਤੀਜੇ ਦੋਸਤ ਹੁਸਨਪ੍ਰੀਤ ਸਿੰਘ 13 ਪੁੱਤਰ ਪਰਮਜੀਤ ਸਿੰਘ ਖੇਡਦੇ ਖੇਡਦੇ ਪਿੰਡ ਤੇ ਛੱਪੜ ਵਿੱਚ ਨਹਾਉਣ ਚਲੇ ਗਏ, ਜਦੋਂ ਹੀ ਤਿੰਨੇ ਛੱਪੜ ਦੇ ਗਹਿਰੇ ਪਾਣੀ ਵਿੱਚ ਉਤਰ ਗਏ ਤਾਂ ਉਨ੍ਹਾਂ ਤੋਂ ਬਾਹਰ ਨਹੀਂ ਨਿਕਲਿਆ ਗਿਆ, ਤਿੰਨਾਂ ਦੀ ਹੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਵਿੱਚ ਰੌਲਾ ਪੈਣ ਤੋਂ ਬਾਅਦ ਪਿੰਡ ਵਾਸੀਆਂ ਨੇ ਤਿੰਨਾਂ ਦੀਆਂ ਲਾਸ਼ਾਂ ਛੱਪੜ ਤੋਂ ਬਾਹਰ ਕੱਢੀਆਂ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨੇ ਬੱਚੇ ਇਕੱਠੇ ਛੱਪੜ ਵਿੱਚ ਨਹਾਉਣ ਚਲੇ ਗਏ, ਜੋ ਮਜਦੂਰ ਤੇ ਗਰੀਬ ਪਰਿਵਾਰ ਨਾਲ ਸਬੰਧਿਤ ਸਨ ਅਤੇ ਤਿੰਨਾਂ ਦੀ ਹੀ ਛੱਪੜ ਦੇ ਪਾਣੀ ਵਿੱਚ ਡੁੱਬ ਕੇ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਵਾਇਆ ਗਿਆ ਹੈ, ਜਿੰਨਾਂ ਦਾ ਪੋਸਟਮਾਰਮਟ ਭਲਕੇ ਹੋਵੇਗਾ। ਥਾਣ ਸਦਰ ਮਾਨਸਾ ਦੇ ਏਐਸਆਈ ਸਮਰਾਟਵੀਰ ਨੇ ਦੱਸਿਆ ਕਿ ਪੁਲਿਸ ਘਟਨਾ ਸਥਾਨ ਦਾ ਜਾਇਜਾ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਣਾ ਦੱਸਿਆ ਗਿਆ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।