ਗ੍ਰਾਮ ਪੰਚਾਇਤ (ਜੀ.ਪੀ.) ਪੱਧਰ ‘ਤੇ ਜਨ ਸੁਰੱਖਿਆ ਸਕੀਮਾਂ ਨਾਲ ਜੋੜਨ ਲਈ ਚਲਾਈ ਮੁਹਿੰਮ ਵਿੱਚ ਐਸ ਏ ਐਸ ਨਗਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ ‘ਤੇ
ਐਸ ਏ ਐਸ ਨਗਰ, 3 ਅਗਸਤ, 2023 (ਸਤੀਸ਼ ਕੁਮਾਰ ਪੱਪੀ):- ਜਨ ਸੁਰੱਖਿਆ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਡੀ ਐਫ਼ ਐਸ, ਵਿੱਤ ਮੰਤਰਾਲਾ, ਭਾਰਤ ਸਰਕਾਰ ਵਿੱਚ ਲੋਕਾਂ ਦੇ ਦਾਖਲੇ ਨੂੰ ਵਧਾਉਣ ਦੇ ਉਦੇਸ਼ ਨਾਲ, ਗ੍ਰਾਮ ਪੰਚਾਇਤ ਪੱਧਰ ‘ਤੇ ਸ਼ੁਰੂ ਕੀਤੀ ਗਈ ਤਿੰਨ ਮਹੀਨੇ ਦੀ ਸ਼ੁਰੂ ਕੀਤੀ ਮੁਹਿੰਮ ਵਿੱਚ ਐਸ ਏ ਐਸ ਨਗਰ ਜ਼ਿਲ੍ਹਾ ਸਭ ਤੋਂ ਵੱਧ ਲੋਕਾਂ ਨੂੰ ਜਨ ਸੁਰੱਖਿਆ ਯੋਜਨਾਵਾਂ ਨਾਲ ਜੋੜ ਕੇ ਸੂਬੇ ਚੋਂ ਪਹਿਲੇ ਥਾਂ ਤੇ ਰਿਹਾ ਹੈ। ਇਸ ਮੁਹਿੰਮ ਦੌਰਾਨ ਕੁੱਲ 65054 ਲਾਭਪਾਤਰੀਆਂ ਦੇ ਨਾਮ ਦਰਜ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ 332 ਗ੍ਰਾਮ ਪੰਚਾਇਤਾਂ ਵਿੱਚ ਮਿਤੀ 01.04.2023 ਤੋਂ 30.06.2023 ਤੱਕ ਕੈਂਪ ਲਗਾਏ ਗਏ ਸਨ। ਇਸ ਮੁਹਿੰਮ ਵਿੱਚ ਜ਼ਿਲ੍ਹੇ ਦੇ ਚਾਰੇ ਬਲਾਕਾਂ ਦੇ ਸਰਪੰਚਾਂ, ਪੰਚਾਇਤ ਸਕੱਤਰਾਂ, ਬੀ.ਡੀ.ਪੀ.ਓਜ਼ ਸਮੇਤ ਜ਼ਿਲ੍ਹਾ ਪੱਧਰ ‘ਤੇ ਬੈਂਕ ਸਟਾਫ਼, ਫਰੰਟ ਲਾਈਨ ਸਟਾਫ਼ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਜਿਨ੍ਹਾਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨੂੰ ਇਨ੍ਹਾਂ ਦੋਵਾਂ ਸਕੀਮਾਂ ਦੇ ਦਾਇਰੇ ਵਿੱਚ ਸਾਰੇ ਯੋਗ ਲਾਭਪਾਤਰੀਆਂ ਨੂੰ ਲਿਆਉਣ ਦੇ ਨੇਕ ਕਾਰਜ ਵਿੱਚ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕੀਤਾ, ਨੇ ਕਿਹਾ ਕਿ ਜ਼ਿਲ੍ਹਾ ਮੋਹਾਲੀ ਵਿੱਚ ਕੰਮ ਕਰ ਰਹੇ ਸਾਰੇ ਵਿਭਾਗਾਂ ਅਤੇ ਸਾਰੇ ਬੈਂਕਾਂ ਨੇ ਇੱਕ ਟੀਮ ਵਜੋਂ ਕੰਮ ਕੀਤਾ ਹੈ ਅਤੇ ਸੂਬੇ ਭਰ ਵਿਚ ਅੱਗੇ ਰਹਿਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਚੀਫ਼ ਲੀਡ ਬੈਂਕ ਜ਼ਿਲ੍ਹਾ ਮੈਨੇਜਰ ਐਸ ਏ ਐਸ ਨਗਰ, ਐਮ ਕੇ ਭਾਰਦਵਾਜ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਸਮੁੱਚੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਸ.ਏ.ਐਸ.ਨਗਰ 31.07.2023 ਨੂੰ ਪਹਿਲੇ ਸਥਾਨ ‘ਤੇ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਖਰੜ ਵਾਸੀ ਰਣਬੀਰ ਕੌਰ ਅਤੇ ਮਨਜੀਤ ਕੌਰ ਜਿਨ੍ਹਾਂ ਨੇ ਆਪਣੇ ਆਪਣੇ ਪਤੀ ਨੂੰ ਗੁਆ ਦਿੱਤਾ ਹੈ ਅਤੇ ਮੋਹਾਲੀ ਵਾਸੀ ਸਰੋਜ ਸ਼ਰਮਾ ਜਿਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ, ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਏ ਡੀ ਸੀ (ਡੀ) ਅਮਿਤ ਬੈਂਬੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਹਫਤਾਵਾਰੀ ਸਮੀਖਿਆ ਮੀਟਿੰਗਾਂ ਕੀਤੀਆਂ ਅਤੇ ਉਕਤ ਮੁਹਿੰਮ ਦੀ ਪ੍ਰਗਤੀ ਦਾ ਨਿਰੀਖਣ ਕੀਤਾ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਰੇਕ ਵਿਭਾਗ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੈਂਕਾਂ ਦਰਮਿਆਨ ਵਧੀਆ ਤਾਲਮੇਲ ਦੀ ਸ਼ਲਾਘਾ ਕੀਤੀ ਜਿਸ ਕਾਰਨ ਜ਼ਿਲ੍ਹਾ ਮੁਹਾਲੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਡੇ ਫਰਕ ਨਾਲ ਪਹਿਲੇ ਸਥਾਨ ‘ਤੇ ਐਲਾਨਿਆ ਗਿਆ ਹੈ।