ਚੰਡੀਗੜ•/ਫਿਰੋਜ਼ਪੁਰ, 4 ਦਸੰਬਰ (ਵਿਸ਼ਵ ਵਾਰਤਾ);
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ 3 ਮੁਕਾਬਲੇ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ ਹੋਏ, ਜਿਸ ਦਾ ਉਦਘਾਟਨ ਪੰਜਾਬ ਦੇ ਖੇਡ ਅਡੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ।
ਇਹ ਮੁਕਾਬਲੇ ਭਾਰਤ ਬਨਾਮ ਸ੍ਰੀਲੰਕਾ, ਅਸਟਰੇਲੀਆ ਬਨਾਮ ਇੰਗਲੈਂਡ ਅਤੇ ਕੈਨੇਡਾ ਬਨਾਮ ਨਿਊਜੀਲੈਂਡ ਵਿਚਕਾਰ ਹੋਏ। ਪਹਿਲਾ ਮੈਚ ਭਾਰਤ ਅਤੇ ਸ੍ਰੀ ਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿਚ ਭਾਰਤ ਨੇ ਨੇ ਇਕਪਾਸੜ ਮੁਕਾਬਲੇ ਵਿਚ ਸ੍ਰੀ ਲੰਕਾ ਨੂੰ 63-22 ਨਾਲ ਮਾਤ ਦਿੱਤੀ। ਦੂਜਾ ਮੈਚ ਅਸਟੇਰਲੀਆ ਅਤੇ ਇੰਗਲੈਂਡ ਦਰਮਿਆਨ ਹੋਇਆ, ਜਿਸ ਵਿਚ ਇੰਗਲੈਂਡ ਨੇ ਅਸਟਰੇਲੀਆ ਨੂੰ 44-33 ਅੰਕਾਂ ਦੇ ਫਰਕ ਨਾਲ ਹਰਾਇਆ।
ਇਸੇ ਤਰਾਂ ਕੈਨੇਡਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਬੇਹੱਦ ਰੋਮਾਂਚਕਾਰੀ ਮੁਕਾਬਲੇ ਵਿਚ ਕੈਨੇਡਾ ਨੇ ਨਿਊਜ਼ੀਲੈਂਡ ਨੂੰ 43-34 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਇਸ ਮੁਕਾਬਲੇ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।
ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ। ਕਬੱਡੀ ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਏਡੀਸੀ (ਜ)ਰਵਿੰਦਰ ਸਿੰਘ ਦੀ ਦੇਖਰੇਖ ਵਿਚ ਸੰਪਨ ਹੋਇਆ, ਆਯੋਜਨ ਦੀਆਂ ਸਾਰੀਆਂ ਤਿਆਰੀਆਂ ਨੂੰ ਖੁਦ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਬਾਰੀਕੀ ਨਾਲ ਜਾਣਿਆ।
—–