ਗੁਰਭਜਨ ਗਿੱਲ ਦੀ ਕਵਿਤਾ ਵਿੱਚ ਵੇਦਨਾ ਵੀ ਹੈ ਤੇ ਸੰਵੇਦਨਾ ਵੀ- ਡਾਃ ਦੀਪਕ ਮਨਮੋਹਨ ਸਿੰਘ
ਲੁਧਿਆਣਾਃ 30 ਜੂਨ(ਵਿਸ਼ਵ ਵਾਰਤਾ)-ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਤੇ ਪ੍ਰਸਿੱਧ ਲੇਖਕ ਡਾਃ ਦੀਪਕ ਮਨਮੋਹਨ ਸਿੰਘ ਨੇ ਬੀਤੀ ਸ਼ਾਮ ਗੈਰ ਰਸਮੀ ਮਿਲਣੀ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ 1985 ਚ ਪਹਿਲੀ ਵਾਰ ਛਪੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ ਚੌਥਾ ਐਡੀਸ਼ਨ ਲੋਕ ਅਰਪਨ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਹੈ ਕਿ ਮੈਂ 1975 ਚੋਂ ਉਸ ਦੀ ਕਵਿਤਾ ਨੂੰ ਲਗਾਤਾਰ ਵਾਚਦਾ ਆ ਰਿਹਾ ਹਾਂ, ਜਦ ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ਼ੀਸ਼ਾ ਝੂਠ ਬੋਲਦਾ ਹੈ ਕਵਿਤਾ ਲਿਖਣ ਬਦਲੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਸੀ। ਉਸ ਦੀ ਕਵਿਤਾ ਵਿੱਚ ਵੇਦਨਾ ਵੀ ਹੈ ਤੇ ਸੰਵੇਦਨਾ ਵੀ। ਸ਼ਬਦ ਭੰਡਾਰ ਪੱਖੋਂ ਉਸ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਸਤਿਕਾਰ ਹਾਸਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਹੋਈਆਂ ਵਿਸ਼ਵ ਅਮਨ ਤੇ ਸਾਹਿੱਤ ਕਾਨਫਰੰਸਾਂ ਵਿੱਚ ਉਸ ਦੀ ਹਾਜ਼ਰੀ ਹਮੇਸ਼ਾਂ ਗੌਲਣਯੋਗ ਰਹੀ ਹੈ।
ਇਸ ਮੌਕੇ ਹਾਜ਼ਰ ਪ੍ਰਸਿੱਧ ਵਿਦਵਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਃ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਲਗਪਗ ਇਕੱਠਿਆਂ ਹੀ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਸੀ ਪਰ ਕਵਿਤਾ ਸਿਰਜਣ ਵਿੱਚ ਬਣਾਈ ਲਗਾਤਾਰਤਾ ਕਾਰਨ ਉਹ ਅੱਜ ਸਾਡੇ ਲਈ ਮਾਣਮੱਤਾ ਸਮਕਾਲੀ ਮਿੱਤਰ ਤੇ ਕਵੀ ਹੈ।
ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਡਾਃ ਦੀਪਕ ਮਨਮੋਹਨ ਸਿੰਘ ਸਾਹਿੱਤ ਸੱਭਿਆਚਾਰ ਤੇ ਵਿਸ਼ਵ ਕਾਨਫਰੰਸਾਂ ਰਾਹੀਂ ਜਿਹੜਾ ਗਲੋਬਲ ਭਾਈਚਾਰਾ ਉਸਾਰ ਚੁਕੇ ਹਨ, ਉਸ ਦੀ ਨਿਰੰਤਰ ਪਰਵਰਿਸ਼ ਕਰਨਾ ਤੇ ਉਸ ਨੂੰ ਯੋਗ ਅਗਵਾਈ ਦੇਣਾ ਵੀ ਸਾਡਾ ਫ਼ਰਜ਼ ਹੈ। ਮੇਰੀ ਪੁਸਤਕ ਦਾ ਚੌਥਾ ਐਡੀਸ਼ਨ ਕੁਝ ਮਹੀਨੇ ਪਹਿਲਾਂ ਛਪ ਕੇ ਆਇਆ ਸੀ ਪਰ ਅੱਜ ਦੋ ਵੱਡੇ ਵੀਰਾਂ ਵੱਲੋਂ ਮੇਰੇ ਪਰਿਵਾਰ ਦੀ ਹਾਜ਼ਰੀ ਚ ਲੋਕ ਅਰਪਨ ਹੋਣਾ ਮੇਰੇ ਲਈ ਸੁਭਾਗੀ ਘੜੀ ਵਰਗਾ ਹੈ। ਇਸ ਮੌਕੇ ਪੁਸਤਕ ਲੋਕ ਅਰਪਨ ਵਿੱਚ ਗੁਰਭਜਨ ਗਿੱਲ ਦੀ ਜੀਵਨ ਸਾਥਣ ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਅਮਰੀਕਾ ਤੋਂ ਆਏ ਜਸਜੀਤ ਸਿੰਘ ਨੱਤ ਵੀ ਸ਼ਾਮਿਲ ਹੋਏ।