ਨਵੀਂ ਦਿੱਲੀ, 2 ਮਾਰਚ : ਦੁਨੀਆ ਭਰ ਵਿਚ ਕੁਦਰਤੀ ਕਰੋਪੀਆਂ ਦੌਰਾਨ ਮਦਦ ਕਰਨ ਲਈ ਪ੍ਰਸਿੱਧ ਖਾਲਸਾ ਏਡ ਦੇ ਮੈਂਬਰ ਹੁਣ ਖੂਨ ਨਾਲ ਲਥਪਥ ਸੀਰੀਆ ਵਿਚ ਵੀ ਫਰਿਸ਼ਤੇ ਜਾਂ ਇੰਝ ਕਹਿ ਲਵੋ ‘ਰੱਬ ਦਾ ਰੂਪ’ ਬਣ ਕੇ ਪਹੁੰਚ ਚੁੱਕੇ ਹਨ, ਜਿੱਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਭੋਜਨ ਸਮੱਗਰੀ ਅਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ|
ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਵਿਚ ਹੀ ਸੀਰੀਆ ਵਿਚ ਬੰਬਾਰੀ ਦੌਰਾਨ ਕਈ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕ ਬੇਘਰੇ ਹੋ ਗਏ ਹਨ| ਇਸ ਤੋਂ ਇਲਾਵਾ ਇੱਥੇ ਵੱਡੀ ਗਿਣਤੀ ਵਿਚ ਕਈ ਮਾਸੂਮ ਵੀ ਮਾਰੇ ਜਾ ਚੁੱਕੇ ਹਨ| ਬੇਘਰੇ ਅਤੇ ਜ਼ਖਮੀਆਂ ਲਈ ਖਾਲਸਾ ਏਡ ਵੱਲੋਂ ਨਿਰਸਵਾਰਥ ਸੇਵਾ ਕੀਤੀ ਜਾ ਰਹੀ ਹੈ, ਜਿਸ ਦੀ ਦੁਨੀਆ ਭਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ|
ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਖਾਲਸਾ ਏਡ ਦੇ ਮੈਂਬਰ ਸੀਰੀਆ ਵਿਚ ਭੁੱਖੇ ਬੱਚਿਆਂ ਨੂੰ ਭੋਜਨ ਸਮੱਗਰੀ ਅਤੇ ਹੋਰ ਡਾਕਟਰੀ ਸਹੂਲਤਾਂ ਪ੍ਰਦਾਨ ਕਰ ਰਹੇ ਹਨ| ਸੋਸ਼ਲ ਮੀਡੀਆ ਵਿਚ ਖਾਲਸਾ ਏਡ ਦੀ ਇਸ ਨਿਸ਼ਕਾਮ ਸੇਵਾ ਦੀ ਦੁਨੀਆ ਭਰ ਵਿਚ ਚਰਚਾ ਹੈ| ਸੀਰੀਆਈ ਲੋਕਾਂ ਵੱਲੋਂ ਖਾਲਸਾ ਏਡ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਨੇ ਖਾਲਸਾ ਏਡ ਦੇ ਇਸ ਉਪਰਾਲੇ ਦੇ ਕਾਇਲ ਹੋ ਚੁੱਕੇ ਹਨ|ਮਾਨਵਤਾ ਦੀ ਭਲਾਈ ਲਈ ਖਾਲਸਾ ਏਡ ਦੇ ਇਸ ਉਪਰਾਲੇ ਦੀ ਮੁਸਲਿਮ ਆਗੂ ਵੀ ਮੁਰੀਦ ਹੋ ਚੁੱਕੇ ਹਨ|