ਚੰਡੀਗੜ੍ਹ 28 ਮਾਰਚ( ਵਿਸ਼ਵ ਵਾਰਤਾ)-ਪੰਜਾਬ ਦੇ ਨਾਭਾ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ ਤੇ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ ਵਾਸੀਆਂ ਨੇ ਹੀ ਬਣਾਏ ਹਨ। ਅੱਜ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਪਿੰਡ ਦੇ ਲੋਕਾਂ ਦੀ ਹੌਸਲਾ ਅਫਜਾਈ ਲਈ ਪਹੁੰਚੇ ਜਿੱਥੇ ਉਨਾਂ ਦੀ ਅਤੇ ਸੁਰੱਖਿਆ ਦਸਤੇ ਦੀ ਗੱਡੀ ਨੂੰ ਨਾਕੇ ਤੇ ਹੀ ਰੋਕ ਦਿੱਤਾ ਗਿਆ ਤੇ ਮੰਤਰੀ ਧਰਮਸੋਤ ਨੇ ਵੀ ਨਿਯਮ ਮੰਨਦੇ ਹੋਏ ਉੱਥੇ ਪਬਲਿਕ ਨਾਕੇ ਤੇ ਹੀ ਰੁੱਕ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਹਾਲਾਤ ਜਾਣੇ ਤੇ ਉਨਾਂ ਦੀ ਇਸ ਕਦਮ ਲਈ ਸ਼ਲਾਘਾ ਕੀਤੀ। ਪਿੰਡ ਵਾਸੀਆਂ ਮੁਤਾਬਿਕ ਚਾਹੇ ਕੋਈ ਵਿਧਾਇਕ ਜਾਂ ਕੋਈ ਵੀ ਮੰਤਰੀ ਆਵੇਗਾ ਉਸਨੂੰ ਪਿੰਡ ਦੀ ਹੱਦ ਤੋਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੌਰਾਨ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਿਸ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ ਉਸਨੂੰ ਫੈਲਣ ਤੋਂ ਰੋਕਣ ਲਈ ਇਸ ਪਿੰਡ ਦਾ ਉਪਰਾਲਾ ਸ਼ਲਾਘਾਯੋਗ ਹੈ ਜਿਸਦੀ ਚਰਚਾ ਸੀਐਮ ਤੇ ਪੀਐਮ ਸਮੇਤ ਦੇਸ਼ ਭਰ ਵਿੱਚ ਹੋ ਰਹੀ ਹੈ,ਇਸ ਪਿੰਡ ਵਿੱਖੇ ਸਹੂਲਤਾਂ ਨੂੰ ਲੈਕੇ ਵਿਸ਼ੇਸ਼ ਕਦਮ ਚੁੱਕੇ ਜਾਣਗੇ।