ਕੱਲ ਨੂੰ ਜੈਨ ਮਹਾਂਪਰਵ ਸੰਵਤਸਰੀ ਤੇ ਪੰਜਾਬ ਵਿੱਚ ਰਾਖਵੀਂ ਛੁੱਟੀ: ਡਾ ਸਲਿਲ ਕੁਮਾਰ ਜੈਨ
ਇਸ ਤਿਓਹਾਰ ਤੇ ਰਾਖਵੀਂ ਛੁੱਟੀ ਕਰਨ ਵਾਲਾ ਪੰਜਾਬ ਪਹਿਲਾ ਰਾਜ
ਚੰਡੀਗੜ੍ਹ, 18 ਸਤੰਬਰ : ( ਵਿਸ਼ਵ ਵਾਰਤਾ ) ਪੰਜਾਬ ਸਰਕਾਰ ਨੇ ਜੈਨ ਸਮਾਜ ਦੇ ਮਹਾਂਪਰਵ “ਸੰਵਤਸਰੀ” ਦੇ ਮੌਕੇ ‘ਤੇ ਰਾਖਵੀਂ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਡਾ: ਜੈਨ ਨੇ ਦੱਸਿਆ ਕਿ ਇਸ ਦਿਨ ਰਾਖਵੀਂ ਛੁੱਟੀ ਕਰਨ ਵਾਲਾ ਪੰਜਾਬ ਪਹਿਲਾ ਰਾਜ ਬਣ ਗਿਆ ਹੈ। ਸਰਕਾਰੀ ਕਰਮਚਾਰੀ ਸਾਲ ਵਿੱਚ ਦੋ ਦਿਨ ਰਾਜ ਸਰਕਾਰ ਦੁਆਰਾ ਰਾਖਵੀਂ ਛੁੱਟੀਆਂ ਦੀ ਸੂਚੀ ਵਿਚੋਂ ਆਪਣੇ ਧਾਰਮਿਕ, ਸੰਸਕ੍ਰਿਤਕ ਵਿੱਚ ਸ਼ਾਮਿਲ ਹੋਣ ਲਈ ਇਹਨਾਂ ਛੁੱਟੀਆਂ ਦੀ ਵਰਤੋਂ ਕਰ ਸਕਦੇ ਹਨ।
ਸੰਵਤਸਰੀ ਜੈਨ ਸਮਾਜ ਦਾ ਬਹੁਤ ਵੱਡਾ ਤਿਓਹਾਰ ਹੈ ਜੋ ਕਿ ਸਾਰੇ ਸੰਸਾਰ ਵਿੱਚ ਜੈਨ ਸਮਾਜ ਦੁਆਰਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜੈਨ ਧਰਮ ਵਿੱਚ ਅੱਠ ਦਿਨ ਪਰਯੂਸ਼ਨ ਦੀ ਸਾਧਨਾ ਪੂਰੀ ਹੁੰਦੀ ਹੈ ਅਤੇ ਇਸੇ ਦਾ ਆਖਰੀ ਦਿਨ “ਸੰਵਤਸਰੀ ਪਰਵ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਦਿਨ ਜੈਨ ਸਮਾਜ ਤਪੱਸਿਆ, ਅਹਿੰਸਾ, ਮਾਫੀ ਅਤੇ ਦੋਸਤੀ ਦੀ ਅਰਾਧਨਾ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਹਨ। ਡਾ. ਸਲਿਲ ਜੈਨ ਕਈ ਸਾਲਾਂ ਤੋਂ ਇਸ ਛੁੱਟੀ ਦੀ ਮੰਗ ਕਰ ਰਹੇ ਸਨ। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੁਏਲ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਕਮਿਸ਼ਨ ਦੀ ਮੀਟਿੰਗ ਵਿਚ ਇਸ ਛੁੱਟੀ ਲਈ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਭੇਜਿਆ ਸੀ ਜੋ ਕਿ ਪੰਜਾਬ ਸਰਕਾਰ ਨੇ ਮਨਜ਼ੂਰ ਕਰਦੇ ਹੋਏ ਇਸ ਤਿਓਹਾਰ ਮੌਕੇ ਰਾਖਵੀਂ ਛੁੱਟੀ ਘੋਸ਼ਿਤ ਕਰ ਦਿੱਤੀ ਹੈ ਅਤੇ ਗੁਜਰਾਤ ਵਿਚ ਇਸ ਦਿਨ ਪੂਰੀ ਛੁੱਟੀ ਹੈ। ਡਾ. ਸਲਿਲ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਜੈਨ ਸਮਾਜ ਦੀ ਤਰਫੋਂ ਧੰਨਵਾਦ ਪ੍ਰਗਟ ਕੀਤਾ।