ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਬਾਬੂਆਂ ਦੀ ਸਰਕਾਰ’ : ਖਹਿਰਾ

918
Advertisement


ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ੁਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਸੂਬੇ ਵਿਚ ਗੈਰ ਹਾਜਰ ਰਹਿਣ ਅਤੇ ਆਮ ਲੋਕਾਂ ਦੇ ਨਾਲ-ਨਾਲ ਆਪਣੇ ਵਿਧਾਇਕਾਂ ਦੀ ਗੱਲ ਨਾ ਸੁਣਨ ਦਾ ਇਲਜਾਮ ਲਗਾਇਆ। ਖਹਿਰਾ ਨੇ ਕਿਹਾ ਕਿ ਅਖਬਾਰਾਂ ਦੇ ਵਿਚ ਆਈ ਖਬਰ ਦੇ ਅਨੁਸਾਰ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਤੰਗ ਆ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਾਬੂਆਂ ਵਲੋਂ ਚਲਾਏ ਜਾਣ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਇਸ ਵਿਚ ਕੋਈ ਸੇਹ ਨਹੀਂ ਹੈ। ਉਨਾਂ ਦੇ ਗੁੱਸੇ ਦਾ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਵਿਖੇ ਸੂਬੇ ਪੱਧਰੀ ਸਮਾਗਮ ਦੌਰਾਨ ਉਨਾਂ ਵਲੋਂ ਇੰਗਲੈਂਡ ਤੋਂ ਆ ਰਹੇ 14 ਮੈਂਬਰੀ ਵਫਦ ਨੂੰ ਸਰਕਾਰੀ ਮਹਿਮਾਨ ਘੋਸ਼ਿਤ ਕੀਤੇ ਜਾਣ ਦੀ ਅਪੀਲ ਨੂੰ ਸਰਕਾਰ ਵਲੋਂ ਖਾਰਜ ਕਰਨਾ ਹੈ। ਇਸ ਮਗਰੋਂ ਹੀ ਉਹ ਆਪਣੀ ਸਰਕਾਰ ‘ਤੇ ਵਰ੍ਹੇ ਹਨ।
ਖਹਿਰਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਾਂਗਰਸੀ ਦੇ ਵਿਧਾਇਕਾਂ ਨੇ ਹੀ ਆਪਣੀ ਸਰਕਾਰ ਪ੍ਰਤੀ ਨਰਾਜਗੀ ਜਾਹਿਰ ਕੀਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨਾਂ ਦੀ ਗੱਲ ਨਾ ਸੁਣਨ ਦਾ ਇਲਜਾਮ ਲਗਾਇਆ ਹੈ। ਪਿਛੇ ਜਿਹੇ ਹੀ ਕਾਂਗਰਸ ਦੇ 50 ਵਿਧਾਇਕਾਂ ਨੇ ਇਕ ਪੱਤਰ ਉਤੇ ਹਸਤਾਖਰ ਕਰਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਨਸ਼ੇ ਦੇ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੀ ਗੁਜਾਰੀਸ਼ ਕੀਤੀ ਸੀ। ਕਾਂਗਰਸ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਯਾਦ ਕਰਵਾਇਆ ਕਿ ਸਰਕਾਰ ਬਣਨ ਤੋਂ ਬਾਅਦ ਮਜੀਠੀਆ ਨੂੰ ਜੇਲ ਵਿਚ ਸੁਟਿਆ ਜਾਵੇਗਾ ਪਰੰਤੂ ਇਸਦਾ ਵੀ ਕੈਪਟਨ ਅਮਰਿੰਦਰ ਸਿੰਘ ਉਤੇ ਕੋਈ ਅਸਰ ਨਹੀਂ ਹੋਇਆ ਸੀ। ਇਸੇ ਤਰ੍ਹਾਂ ਹੀ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਬੂਲੀ ਸੀ ਕਿ ਅੱਜ ਵੀ ਨਸ਼ਾ ਪੰਜਾਬ ਦੇ ਹਰ ਗਲੀ ਕੁਚੇ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਜਿਸਤੋਂ ਕਿ ਕੈਪਟਨ ਦੁਆਰਾ ਨਸ਼ੇ ਦੇ ਤਸ਼ਕਰਾਂ ਦਾ ਲੱਕ ਤੋੜਨ ਦੀ ਗੱਲ ਝੂਠ ਸਾਬਿਤ ਹੁੰਦੀ ਹੈ।
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਸਬੂਤਾਂ ਸਮੇਤ ਕੇਵਲ ਮਾਫੀਆ ਖਿਲਾਫ ਕਾਰਵਾਈ ਕਰਨ ਦੀ ਗੱਲ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਗੌਰ ਨਹੀਂ ਕੀਤਾ। ਇਸ ਤੋਂ ਇਹ ਸਾਫ ਸਿੱਧ ਹੁੰਦਾ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਦਾ ਖਾਸ ਕਰਕੇ ਕਾਂਗਰਸ ਦੇ ਵਿਧਾਇਕਾਂ ਦਾ ਆਪਣੀ ਸਰਕਾਰ ਵਿਚ ਕੋਈ ਭਰੋਸਾ ਨਹੀਂ ਬਚਿਆ ਹੈ। ਉਨਾਂ ਕਿਹਾ ਕਿ ਸਿਰਫ ਮੁੱਠੀ ਭਰ ਲੋਕ ਹੀ ਇਸ ਸਮੇਂ ਪੰਜਾਬ ਦੀ ਸਿਆਸਤ ਨੂੰ ਚਲਾ ਰਹੇ ਹਨ ਅਤੇ ਮੁੱਖ ਮੰਤਰੀ ਆਪਣੇ 2002 ਤੋਂ 2007 ਦੇ ਕਾਰਜਕਾਲ ਨਾਲੋਂ ਵੱਧ ਗੈਰ ਹਾਜਿਰ ਰਹਿ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਜਿਹਾ ਗੈਰ ਜਰੂਰੀ ਅਤੇ ਲਾਪਰਵਾਹ ਵਤੀਰਾ ਰੋਮਨ ਰਾਜੇ ਨੀਰੋ ਵਰਗਾ ਹੈ ਜੋ ਕਿ ਰੋਮ ਜਲਨ ਸਮੇਂ ਬੰਸਰੀ ਬਜਾ ਰਿਹਾ ਸੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਬਿਨਾ ਕਿਸੇ ਪਰੇਸ਼ਾਨੀ ਤੋਂ ਇੰਗਲੈਂਡ ਚਲੇ ਗਏ ਹਨ ਜਦੋਂਕਿ ਪੰਜਾਬ ਵਿਚ ਕਿਸਾਨ ਆਤਮ ਹੱਤਿਆਵਾਂ, ਬੇਰੋਜਗਾਰੀ, ਮਾੜੀ ਕਾਨੂੰਨ ਅਤੇ ਨਿਆ ਵਿਵਸਥਾ ਅਤੇ ਸਰਕਾਰ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਵਰਗੀਆਂ ਸਮੱਸਿਆ ਮੂੰਹ ਅੱਡੀ ਖੜੀਆਂ ਹਨ।
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਕਾਂਗਰਸੀ ਵਿਧਾਇਕ ਦੁਆਰਾ ਉਸਦੀ ਗੱਲ ਨੂੰ ਅੱਖੋ ਪਰੋਖੇ ਕੀਤਾ ਜਾਣਾ ਸਾਡੇ ਦੁਆਰਾ ਕੈਪਟਨ ਅਮਰਿੰਦਰ ਸਿੰਘ ਉਤੇ ਲਗਾਏ ਇਲਜਾਮਾਂ ਨੂੰ ਸਹੀ ਕਰਦਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਕਾਨੂੰਨ ਦਾ ਰਾਜ ਨਾ ਹੋ ਕੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਚਹੇਤਿਆਂ ਦੁਆਰਾ ਹੀ ਚਲਾਈ ਜਾ ਰਹੀ ਹੈ।

Advertisement

LEAVE A REPLY

Please enter your comment!
Please enter your name here