ਰਾਹੁਲ ਗਾਧੀ ਦੇ ਪ੍ਰਧਾਨ
ਚੰਡੀਗੜ, 11 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਧੀ ਨੂੰ ਨਿੱਘੀ ਮੁਬਾਰਕਬਾਦ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਹਨ ਅਤੇ ਕਿਹਾ ਕਿ ਉਨਾਂ ਦੇ ਪਾਰਟੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਕਾਂਗਰਸ ਦੀ ਨਾ ਕੇਵਲ ਵੱਡੀ ਪੱਧਰ ’ਤੇ ਪੁਨਰ ਸੁਰਜੀਤੀ ਹੋਵੇਗੀ ਸਗੋਂ ਪਾਰਟੀ ਦਾ ਵਿਸ਼ਾਲ ਉਥਾਨ ਵੀ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਦੀ ਖਿੱਚ ਅਤੇ ਅਪੀਲ ਉਸਦੀ ਬੁੱਧੀ ਅਤੇ ਜਗਿਆਸੂ ਸੁਭਾਅ ਨਾਲ ਮਿਲ ਕੇ ਦੇਸ਼ ਵਿੱਚ ਕਾਂਗਰਸ ਦੀ ਸਫਲਤਾ ਲਈ ਮੁੱਢ ਬਨੇਗਾ ਜਿਸ ਦੀ ਦੇਸ਼ ਵਿੱਚ ਕਾਂਗਰਸ ਦੀ ਪੁਨਰ ਸੁਰਜੀਤੀ ਲਈ ਲੋੜ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਹੁਲ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਨਾਲ ਪਾਰਟੀ ਵਿੱਚ ਨਵੇਂ ਸਿਰੇ ਤੋਂ ਉਤਸ਼ਾਹ ਪੈਦਾ ਹੋਵੇਗਾ। ਕਾਂਗਰਸ ਵਿੱਚ ਨੌਜਵਾਨ ਆਗੂ ਦੇ ਆਉਣ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਦੀ ਪ੍ਰਮੁੱਖ ਰਾਜਨੀਤਕ ਪਾਰਟੀ ਵਜੋਂ ਕਾਂਗਰਸ ਦਾ ਮੁੜ ਉਥਾਨ ਹੋਵੇਗਾ। ਉਨਾਂ ਕਿਹਾ ਕਿ ਕਾਂਗਰਸ ਦੇ ਮਜ਼ਬੂਤ ਹੋਣ ਨਾਲ ਹੀ ਧਰਮ ਨਿਰਪੱਖਤਾ ਅਤੇ ਜਮਹੂਰੀ ਤੰਦਾਂ ਨੂੰ ਬਚਾਈ ਰੱਖਣ ਵਿੱਚ ਮਦਦ ਮਿਲੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਬਿਨਾ ਮੁਕਾਬਲਾ ਪਾਰਟੀ ਦੇ ਪ੍ਰਧਾਨ ਬੇਣੇ ਹਨ ਜਿਸ ਦੇ ਨਾਲ ਇਸ ਨੌਜਵਾਨ ਆਗੂ ਦੀ ਨਾ ਕੇਵਲ ਦੇਸ਼ ਵਿੱਚ ਸਗੋਂ ਦੇਸ਼ ਤੋਂ ਬਾਹਰ ਵੀ ਵਧਦੀ ਹਰਮਨਪਿਆਰਤਾ ਦਾ ਪ੍ਰਗਟਾਵਾ ਹੁੰਦਾ ਹੈ। ਉਨਾਂ ਕਿਹਾ ਕਿ ਗੁਜਰਾਤ ਵਿੱਚ ਹਾਲ ਹੀ ਦੌਰਾਨ ਸ੍ਰੀ ਰਾਹੁਲ ਗਾਂਧੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਜਿਥੇ ਉਨਾਂ ਨੇ ਤਿੱਖਾ ਚੋਣ ਪ੍ਰਚਾਰ ਕੀਤਾ ਹੈ। ਇਸ ਤੋਂ ਸਾਲ2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਅਗਵਾਈ ਕਰਨ ਵਾਸਤੇ ਸਹੀ ਚੋਣ ਹੋਈ ਹੋਣ ਦੇ ਤੱਥਾਂ ਦੀ ਵੀ ਪੁਸ਼ਟੀ ਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਅਗਲੀਆਂ ਲੋਕ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਨਾਲ ਪਾਰਟੀ ਨੂੰ ਬੇਹੱਦ ਲਾਭ ਮਿਲੇਗਾ। ਉਨਾਂ ਦੇ ਆਧੁਨਿਕ ਦਿ੍ਰਸ਼ਟੀਕੋਣ, ਪਾਰਟੀ ਨੇਤਾਵਾਂ, ਵਰਕਰਾਂ ਅਤੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਸਮਰੱਥਾ ਅਤੇ ਜ਼ਮੀਨੀ ਸੰਪਰਕ ਵਧਾਉਣ ਵਰਗੀ ਖਾਸੀਅਤ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦੀ ਅਗਵਾਈ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਪਿਛਲੇ ਪੰਜ ਸਾਲਾਂ ਦੌਰਾਨ ਜਨਤਾ ਦੇ ਨੇਤਾ ਵਜੋਂ ਉੱਭਰੇ ਹਨ। ਉਨਾਂ ਦੀ ਵਧਦੀ ਪ੍ਰਸਿੱਧੀ ਵੀ ਇਸ ਗੱਲ ’ਤੇ ਮੋਹਰ ਲਾਉਂਦੀ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਨੌਜਵਾਨਾਂ ਦੀ ਆਬਾਦੀ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਇੱਕ ਨੌਜਵਾਨ ਆਗੂ ਦੀ ਲੋੜ ਹੈ ਜੋ ਕਿ ਮੌਜੂਦਾ ਹਕੀਕਤਾਂ ’ਚ ਪਾਰਟੀ ਨੂੰ ਅੱਗੇ ਵਧਣ ਦਾ ਰਾਹ ਅਤੇ ਸੇਧ ਮੁਹੱਈਆ ਕਰਵਾ ਸਕਦਾ ਹੈ।