ਕੈਪਟਨ ਅਮਰਿੰਦਰ ਸਿੰਘ ਦਾ ਕਰਜ਼ਾ ਕੁਰਕੀ ਖਤਮ ਕਰਨ ਦਾ ਵਾਅਦਾ ਝੂਠ ਤੋਂ ਸਿਵਾਏ ਕੁਝ ਨਹੀਂ : ਖਹਿਰਾ

637
Advertisement


ਚੰਡੀਗਡ਼, 21 ਅਗਸਤ (ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਉਨਾਂ ਨੇ ਸੂਬੇ ਦੇ ਕਿਸਾਨਾਂ ਨੂੰ ਕਰਜ਼ ਮੁਆਫੀ ਅਤੇ ਕੁਰਕੀ ਖਤਮ ਕਰਨ ਦੇ ਮਾਮਲੇ ਵਿਚ ਝੂਠ ਬੋਲਿਆ ਹੈ। ਫਿਰੋਜਪੁਰ ਜਿਲੇ ਦੀ ਤਹਿਸੀਲ ਤਲਵੰਡੀ ਭਾਈ ਦੇ ਪਿੰਡ ਪਤਲੀ ਦੇ ਕਿਸਾਨ ਜਸਵੀਰ ਸਿੰਘ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਸਾਨ ਦੀ ਜਮੀਨ ਦੀ ਕੁਰਕੀ ਹੋਣਾ ਕਾਂਗਰਸ ਸਰਕਾਰ ਦੇ ਝੂਠੇ ਦਾਅਵੇਇਆਂ ਦੀ ਪੋਲ ਖੋਲਦੀ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਬੈਂਕਾਂ ਜਾਂ ਹੋਰ ਸਰਕਾਰੀ ਅਦਾਰਿਆਂ ਨੂੰ ਕਿਸਾਨਾਂ ਨੂੰ ਰਾਹਤ ਦੇਣ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਹੈ। ਜਿਸ ਕਾਰਨ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ 5 ਮਹੀਨੀਆਂ ਦੇ ਦਰਮਿਆਨ ਹੀ 200 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ।
ਖਹਿਰਾ ਨੇ ਕਿਹਾ ਕਿ ਕਿਸਾਨ ਜਸਵੀਰ ਸਿੰਘ ਦੀ ਜਮੀਨ 6, 14,797 ਰੁਪਏ ਦਾ ਲੋਨ ਵਾਪਿਸ ਨਾ ਕਰਨ ਦੀ ਸੂਰਤ ਵਿਚ  ਸਰਕਾਰ ਕਰਮਚਾਰੀਆਂ ਦੀ ਮੌਜੂਦਗੀ ਵਿਚ ਕੁਰਕ ਕੀਤੀ ਗਈ ਸੀ। ਉਨਾਂ ਕਿਹਾ ਕਿ ਰਿਕਾਰਡ ਦੇ ਅਨੁਸਾਰ  ਸੰਬੰਧਤ ਪਟਵਾਰੀ ਨੂੰ ਇਹ ਕਾਰਵਾਈ ਰੋਜਨਾਮਚਾ ਵਿਚ ਦਰਜ ਕਰਕੇ ਉਚ ਅਧਿਕਾਰਿਆਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਸਾਫ ਕਰਨ ਕਿ ਉਨਾਂ ਨੇ ਕਿਸਾਨਾਂ ਨੂੰ ਕੁਰਕੀ ਸੰਬੰਧੀ ਝੂਠ ਬੋਲਿਆ ਸੀ ਜਾਂ ਸਰਕਾਰੀ ਅਧਿਕਾਰੀ ਉਨਾਂ ਦੀ ਇਸ ਗੱਲ ਤੋਂ ਮੰਨਣ ਤੋਂ ਇਨਕਾਰ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਸਥਾਪਿਤੀ ਤੋਂ ਬਾਅਦ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਕੋਈ ਵੀ ਸਰਕਾਰੀ ਜਾਂ ਪ੍ਰਾਇਵੇਟ ਅਦਾਰਾ ਕਿਸਾਨਾਂ ਨੂੰ ਲੋਨ ਨਾ ਭਰਨ ‘ਤੇ ਤੰਗ ਨਹੀਂ ਕਰੇਗਾ। ਉਨਾਂ ਕਿਹਾ ਕਿ ਇਥੋਂ ਤੱਕ ਕਿ ਨਕਲੀ ਬੀਜ ਅਤੇ ਮਿਲਾਵਟੀ ਸਪਰੇਆਂ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਝੂਠ ਸਾਬਿਤ ਹੋਈ ਹੈ ਅਤੇ ਪੈਸਟੀਸਾਇਡ ਮਾਫੀਆ ਬਿਨਾ ਕਿਸੇ ਡਰ ਭੈਅ ਤੋਂ ਆਪਣਾ ਕੰਮ ਕਰ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਉਤੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਪੂਰਾ ਕਰਜ਼ਾ ਮੁਆਫ ਕਰਨ ਦੀ ਥਾਂ ਕੈਪਟਨ ਹੁਣ ਵਾਅਦੇ ਤੋਂ ਭੱਜ ਰਹੇ ਹਨ। ਉਨਾਂ ਕਿਹਾ ਕਿ ਨਵੀਂ ਜਾਰੀ ਕੀਤੀ ਹਿਦਾਇਤ ਅਨੁਸਾਰ ਹੁਣ ਸਿਰਫ 5 ਏਕਡ਼ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦਾ 2 ਲੱਖ ਦਾ ਹੀ ਕਰਜ਼ਾ ਮੁਆਫ ਹੋਵੇਗਾ। ਜੋ ਕਿ ਕਿਸਾਨਾਂ ਨਾਲ  ਇਕ ਭੱਦਾ ਮਜ਼ਾਕ ਹੈ।
ਕੈਪਟਨ  ਦੁਆਰਾ ਭ੍ਰਿਸ਼ਟ ਮੰਤਰੀਆਂ ਦਾ ਬਚਾਅ ਕਰਨ ਦੀ ਨਿਖੇਧੀ ਕਰਦਿਆਂ ਖਹਿਰਾ ਨੇ ਕਿਹਾ ਕਿ ਆਪਣੇ ਮੰਤਰੀ ਦਾ ਨਾਂ ਕੋਰਡ਼ਾਂ ਰੁਪਏ ਦੇ ਰੇਤ ਘੋਟਾਲੇ ਵਿਚ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਿਸਾਨਾਂ ਨੂੰ ਕੁਝ ਕੁ ਲੱਖ ਰੁਪਏ ਲਈ ਤੰਗ ਪਰੇਸ਼ਾਨ ਕਰ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਸੂਬੇ ਦੇ ਹੋਰ ਕਿਸਾਨਾਂ ਨੂੰ ਵੀ ਆਤਮ ਹੱਤਿਆ ਦੇ ਰਾਹ ‘ਤੇ ਧੱਕ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਸਾਨਾਂ ਦੇ ਮੁੱਦੇ ਉਤੇ 3 ਦਿਨਾਂ ਦੇ ਵਿਧਾਨ ਸਭਾ ਦੇ ਸਪੈਸ਼ਲ ਸ਼ੈਸਨ ਦੀ ਮੰਗ ਕੀਤੀ। ਉਨਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਬੈਂਕਾਂ, ਕੋ-ਆਪਰੇਟਿਵ ਸੁਸਾਇਟੀਆਂ ਅਤੇ ਆਡ਼ਤੀਆਂ ਨੂੰ ਸਪਸ਼ਟ ਰੂਪ ਵਿਚ ਹਿਦਾਇਤਾਂ ਜਾਰੀ ਕਰੇ ਤਾਂ ਜੋ ਉਹ ਕਿਸਾਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ।

Advertisement

LEAVE A REPLY

Please enter your comment!
Please enter your name here