ਮ੍ਰਿਤਕ ਪੰਜਾਬ ਦੇ ਫਰੀਦਕੋਟ ਇਲਾਕੇ ਨਾਲ ਰੱਖਦਾ ਸੀ ਸਬੰਧ
ਪਰਿਵਾਰ ਵਲੋਂ ਇਨਸਾਫ ਦੀ ਕੀਤੀ ਜਾ ਰਹੀ ਹੈ ਮੰਗ
ਫਰੀਦਕੋਟ 27 ਨਵੰਬਰ 2022 (ਵਿਸ਼ਵ ਵਾਰਤਾ)- : ਕੈਨੇਡਾ ਦੇ ਸਰੀ ਇਲਾਕੇ ‘ਚ ਪੰਜਾਬ ਦੇ ਫਰੀਦਕੋਟ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਮਹਿਕਪ੍ਰੀਤ ਸਿੰਘ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਨੇ ਕੈਨੇਡਾ ਸਰਕਾਰ ਨੂੰ ਇਨਸਾਫ ਦੀ ਅਪੀਲ ਕੀਤੀ ਹੈ।
ਜਾਣਕਾਰੀ ਅਨੁਸਾਰ ਮਹਿਕਪ੍ਰੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨਾਲ ਕੈਨੇਡਾ ‘ਚ ਰਹਿ ਰਿਹਾ ਹੈ ਅਤੇ ਪੂਰੇ ਪਰਿਵਾਰ ਕੋਲ ਕੈਨੇਡਾ ਦੀ ਪੀ.ਆਰ. ਨਿਊ ਕੈਂਟ ਰੋਡ ‘ਤੇ ਰਹਿੰਦੇ ਉਸ ਦੇ ਪਰਿਵਾਰ ਮੁਤਾਬਕ 23 ਨਵੰਬਰ ਨੂੰ ਘਟਨਾ ਵਾਲੇ ਦਿਨ ਮਹਿਕਪ੍ਰੀਤ ਸਿੰਘ ਦਾ ਸਰੀ ਇਲਾਕੇ ਦੇ ਇਕ ਸਕੂਲ ਦੀ ਪਾਰਕਿੰਗ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਸਿਰਫ 17 ਸਾਲ ਦਾ ਹੈ, ਜਿਸ ਨੂੰ ਵੀ ਪੁਲਸ ਨੇ ਕਾਬੂ ਕਰ ਲਿਆ ਹੈ। ਮ੍ਰਿਤਕ ਦੀ ਦਾਦੀ ਬਲਜੀਤ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਹਰਪ੍ਰੀਤ ਸਿੰਘ ਇਨ੍ਹੀਂ ਦਿਨੀਂ ਆਪਣੀ ਪਤਨੀ ਸੀਮਾ ਅਤੇ ਬੱਚਿਆਂ ਨਾਲ ਕੈਨੇਡਾ ‘ਚ ਰਹਿ ਰਿਹਾ ਸੀ ਅਤੇ ਇਸ ਘਟਨਾ ਨੇ ਉਸ ਦੇ ਪਰਿਵਾਰ ‘ਤੇ ਕਹਿਰ ਢਾਹ ਦਿੱਤਾ ਹੈ ਅਤੇ ਉਨ੍ਹਾਂ ਦੇ ਪੌਤੇ ਦੀ ਜਾਨ ਲੈ ਲਈ ਹੈ।
ਉਨ੍ਹਾਂ ਕੈਨੇਡਾ ਸਰਕਾਰ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਤੱਕ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਮ੍ਰਿਤਕ ਪੁੱਤਰ ਦੀ ਮ੍ਰਿਤਕ ਦੇਹ ਵੀ ਨਹੀਂ ਦਿਖਾਈ ਗਈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਮਹਿਕ ਨੂੰ ਕਿੱਥੇ ਚਾਕੂ ਮਾਰਿਆ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਬਾਰੇ ਆਪਣੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕਰਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵਿੱਚ ਪੈਣ ਤੋਂ ਬਚ ਸਕਣ। ਚਾਚਾ ਹਰਮੀਤ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਮਹਿਕ ਦੀਆਂ ਅੰਤਿਮ ਰਸਮਾਂ ਲਈ 5 ਦਸੰਬਰ ਦਾ ਦਿਨ ਤੈਅ ਕੀਤਾ ਸੀ ਪਰ ਉਸ ਦਿਨ ਉਸ ਦੇ ਛੋਟੇ ਭਤੀਜੇ ਦਾ ਜਨਮ ਦਿਨ ਹੈ। ਹੁਣ ਪਰਿਵਾਰ ਨੇ 4 ਦਸੰਬਰ ਦੀ ਤਰੀਕ ਰੱਖੀ ਹੈ।
ਦੂੱਜੇ ਪਾਸੇ ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਸਮੇਤ ਕੈਨੇਡਾ ਜਾਣ ਦਾ ਅਫ਼ਸੋਸ ਹੈ। ਮੰਗਲਵਾਰ ਨੂੰ ਨਿਊਟਨ ਇਲਾਕੇ ਦੇ ਤਮਨਾਵਿਸ ਸੈਕੰਡਰੀ ਸਕੂਲ ਦੇ 17 ਸਾਲਾ ਵਿਦਿਆਰਥੀ ਵੱਲੋਂ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਸੇਠੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੇ ਓਮਨੀ ਪੰਜਾਬੀ ਨੂੰ ਦੱਸਿਆ, “ਜਦੋਂ ਮੈਂ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਗਿਆ ਕਿ ਹਥਿਆਰ ਸਿੱਧਾ ਉਸ ਦੇ ਦਿਲ ਵਿਚ ਵੱਜਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।” ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ।
ਹਰਸ਼ਪ੍ਰੀਤ ਨੇ ਕਿਹਾ, “ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ… ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿੱਚ ਕਿਉਂ ਆਇਆ ਹਾਂ।” ਹਰਸ਼ਪ੍ਰੀਤ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਹਮਲਾਵਰ ਉਸਦੇ ਪੁੱਤਰ ਦੀ ਜਾਨ ਲੈਣ ਦੀ ਬਜਾਏ ਉਸਨੂੰ ਥੱਪੜ ਮਾਰ ਸਕਦਾ ਸੀ, ਉਸਦੀ ਬਾਂਹ ਜਾਂ ਲੱਤਾਂ ‘ਤੇ ਵਾਰ ਕਰ ਸਕਦਾ ਸੀ। ਪੁਲਸ ਨੇ ਦੱਸਿਆ ਕਿ ਸੇਠੀ ਅਤੇ ਇੱਕ 17 ਸਾਲ ਦੇ ਲੜਕੇ ਵਿਚਕਾਰ ਲੜਾਈ ਹੋਈ, ਜੋ ਕਿ ਨੌਜਵਾਨ ਦੇ ਚਾਕੂ ਮਾਰਨ ਨਾਲ ਖ਼ਤਮ ਹੋਈ। ਗਵਾਹਾਂ ਵੱਲੋਂ ਸ਼ਨਾਖਤ ਕਰਨ ਤੋਂ ਬਾਅਦ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। “ਉਸ ਦੇ ਮਾਤਾ-ਪਿਤਾ ਨੇ ਉਸ (ਸ਼ੱਕੀ) ਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਹੈ?” ਹਰਪ੍ਰੀਤ ਨੇ ਕਿਹਾ ਕਿ 18 ਸਾਲ ਤੱਕ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਅਤੇ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਘਟਨਾ ਵਿੱਚ ਗੁਆ ਦੇਣਾ ਆਸਾਨ ਨਹੀਂ ਹੈ।
ਤਾਮਨਵਿਸ ਸੈਕੰਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਵੱਲੋਂ ਜਾਰੀ ਬਿਆਨ ਅਨੁਸਾਰ ਮਹਿਕਪ੍ਰੀਤ ਸਕੂਲ ਦਾ ਵਿਦਿਆਰਥੀ ਨਹੀਂ ਸੀ। ਉਹ ਅੱਠਵੀਂ ਜਮਾਤ ਵਿੱਚ ਪੜ੍ਹਦੇ ਆਪਣੇ ਛੋਟੇ ਭਰਾ ਭਵਪ੍ਰੀਤ ਨੂੰ ਲੈਣ ਲਈ ਉੱਥੇ ਗਿਆ ਸੀ। ਮਹਿਕਪ੍ਰੀਤ ਦੀ ਭੈਣ ਨੇ ਓਮਨੀ ਪੰਜਾਬੀ ਨੂੰ ਦੱਸਿਆ ਕਿ ਉਸ ਨੇ ਭਵਪ੍ਰੀਤ ਲਈ ਨਵੇਂ ਕੱਪੜੇ ਖਰੀਦਣ ਦੀ ਯੋਜਨਾ ਬਣਾਈ ਸੀ, ਕਿਉਂਕਿ ਉਸ ਦਾ ਜਨਮ ਦਿਨ ਸੀ, ਜਿਸ ਕਾਰਨ ਉਹ ਦੁਪਹਿਰ ਦੇ ਖਾਣੇ ਦੀ ਛੁੱਟੀ ਵੇਲੇ ਉਸ ਨੂੰ ਲੈਣ ਗਈ ਸੀ।
ਸਰੀ ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ 12:08 ਵਜੇ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਛੁਰੇਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਇੱਕ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਸ ਨੇ ਕਿਹਾ ਕਿ ਉਹਨਾਂ ਨੇ ਇੱਕ 17 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। IHIT ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸ਼ੱਕੀ ਅਤੇ ਸੇਠੀ ਇੱਕ-ਦੂਜੇ ਨੂੰ ਜਾਣਦੇ ਸਨ। ਪੁਲਸ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਚਾਕੂ ਮਾਰਦੇ ਦੇਖਿਆ ਹੈ ਜਾਂ ਜਿਨ੍ਹਾਂ ਕੋਲ ਘਟਨਾ ਦੀ ਸੈਲਫੋਨ ਵੀਡੀਓ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ IHIT ਨਾਲ ਸੰਪਰਕ ਕਰਲ ਲਈ ਕਿਹਾ ਗਿਆ ਹੈ।
ਇੱਕ ਬਿਆਨ ਵਿੱਚ ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਗਵਾਹਾਂ ਨੂੰ ਅੱਗੇ ਆਉਣ ਅਤੇ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕੀਤੀ ਹੈ।