ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਪਟਿਆਲਾ ਸੈਂਟਰ ਦਾ ਕੀਤਾ ਦੌਰਾ
ਪਟਿਆਲਾ, 17 ਦਸੰਬਰ(ਵਿਸ਼ਵ ਵਾਰਤਾ)-ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸ਼ਨੀਵਾਰ ਨੂੰ ਪਟਿਆਲਾ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ (ਐੱਨਐੱਸਐੱਨਆਈਐੱਸ) ਦਾ ਦੌਰਾ ਕੀਤਾ ਅਤੇ 300 ਬੈੱਡਾਂ ਵਾਲੇ ਨਵੇਂ ਹੋਸਟਲ ਦਾ ਉਦਘਾਟਨ ਕੀਤਾ, ਜਿਸ ਦੀ ਉਸਾਰੀ ਵਿੱਚ 26.77 ਕਰੋੜ ਰੁਪਏ ਦੀ ਲਾਗਤ ਆਈ ਹੈ।
ਖੇਡ ਮੰਤਰੀ ਨੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਅਤੇ ਦੌੜਾਕ ਪੀਟੀ ਊਸ਼ਾ ਨੂੰ ਸਮਰਪਿਤ ਹੋਸਟਲਾਂ ਦਾ ਵੀ ਉਦਘਾਟਨ ਕੀਤਾ, ਜਿਨ੍ਹਾਂ ਦਾ ਨਵੀਨੀਕਰਨ ਅਤੇ ਅੱਪਗ੍ਰੇਡ 5.25 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
ਉਦਘਾਟਨ ਮੌਕੇ ਬੋਲਦਿਆਂ ਸ਼੍ਰੀ ਠਾਕੁਰ ਨੇ ਕਿਹਾ, “ਐਥਲੀਟਾਂ ਨੂੰ ਸਭ ਤੋਂ ਵਧੀਆ ਸੰਭਵ ਸੁਵਿਧਾਵਾਂ ਪ੍ਰਦਾਨ ਕਰਨਾ ਸਰਕਾਰ ਦੀ ਕੋਸ਼ਿਸ਼ ਹੈ। ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਹਮੇਸ਼ਾ ਹੀ ਐਥਲੀਟਾਂ ਨੂੰ ਸਾਰੀਆਂ ਨੀਤੀਆਂ ਦੇ ਕੇਂਦਰ ਵਿੱਚ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ। ਇਸ 300 ਬੈੱਡਾਂ ਦੇ ਹੋਸਟਲ ਦਾ ਉਦਘਾਟਨ ਕਰਨਾ ਅਤੇ ਪੁਰਾਣੇ ਹੋਸਟਲਾਂ ਨੂੰ ਅੱਪਗ੍ਰੇਡ ਕਰਨਾ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਤਾਂ ਜੋ ਇਸ ਵੱਕਾਰੀ ਕੇਂਦਰ ਵਿੱਚ ਟ੍ਰੇਨਿੰਗ ਲੈਣ ਵਾਲੇ ਐਥਲੀਟਾਂ ਨੂੰ ਰਹਿਣ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾ ਸਕੇ।”
ਸ਼੍ਰੀ ਠਾਕੁਰ ਨੇ ਇੱਕ ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਕੋਰਸ ਦਾ ਉਦਘਾਟਨ ਵੀ ਕੀਤਾ, ਜੋ ਕਿ ਐੱਨਐੱਸਐੱਨਆਈਐੱਸ ਪਟਿਆਲਾ ਵਿਖੇ ਅਕਾਦਮਿਕ ਕੋਰਸਾਂ ਵਿੱਚ ਪਹਿਲੀ ਵਾਰ ਜੋੜਿਆ ਗਿਆ ਹੈ। ਇਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ, “ਕਿਸੇ ਐਥਲੀਟ ਦੀ ਅਸਲ ਸਮਰੱਥਾ ਦਾ ਮੁਲਾਂਕਣ ਕਰਨ ਲਈ ਖੇਡ ਵਿਗਿਆਨ ਅਤੇ ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਨੂੰ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ, ਜੋ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੇ ਸਮੁੱਚੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਲੰਬਾ ਰਾਹ ਜਾ ਸਕਦਾ ਹੈ।”
ਆਪਣੇ ਦੌਰੇ ਦੌਰਾਨ ਮੰਤਰੀਆਂ ਨੇ 400 ਤੋਂ ਵੱਧ ਐਥਲੀਟਾਂ ਅਤੇ ਸਿਖਿਆਰਥੀਆਂ/ਟ੍ਰੇਨੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਰਹਿਣ ਅਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਥਲੀਟਾਂ ਤੋਂ ਕੇਂਦਰ ਵਿੱਚ ਉਨ੍ਹਾਂ ਨੂੰ ਉਪਲਬਧ ਸੁਵਿਧਾਵਾਂ ਅਤੇ ਮੌਜੂਦਾ ਸੈਟਅਪ ਵਿੱਚ ਜੋ ਸੁਧਾਰ ਚਾਹੁੰਦੇ ਹਨ, ਬਾਰੇ ਜਾਣਕਾਰੀ ਮੰਗੀ।
ਵਰ੍ਹਿਆਂ ਦੌਰਾਨ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਪਟਿਆਲਾ ਨੇ ਬਹੁਤ ਸਾਰੇ ਮਸ਼ਹੂਰ ਐਥਲੀਟ ਬਣਾਏ ਹਨ ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਮੈਡਲਾਂ ਸਮੇਤ ਦੇਸ਼ ਲਈ ਬਹੁਤ ਸਾਰੇ ਇਨਾਮ ਜਿੱਤੇ ਹਨ।
ਸਾਲ 2021 ਵਿੱਚ, ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਪਟਿਆਲਾ ਦੇ ਐਥਲੀਟਾਂ ਨੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਛੇ ਵਿਸ਼ਿਆਂ ਵਿੱਚ ਕੁੱਲ 72 ਮੈਡਲ ਜਿੱਤੇ। ਸਾਲ 2022 ਵਿੱਚ ਇਹ ਗਿਣਤੀ ਵਧ ਕੇ 195 ਮੈਡਲ ਹੋ ਗਈ।
ਅੰਤਰਰਾਸ਼ਟਰੀ ਪੱਧਰ ‘ਤੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਪਟਿਆਲਾ ਦੇ ਐਥਲੀਟਾਂ ਨੇ ਰਾਸ਼ਟਰਮੰਡਲ (ਕੋਮਨਵੈਲਥ) ਚੈਂਪੀਅਨਸ਼ਿਪ, ਯੂਰਪੀਅਨ ਓਪਨ ਅਤੇ ਜੂਨੀਅਰ ਵਰਲਡ ਚੈਂਪੀਅਨਸ਼ਿਪਾਂ ਜਿਹੇ ਮੁਕਾਬਲਿਆਂ ਵਿੱਚ 19 ਮੈਡਲ ਜਿੱਤੇ ਹਨ।