ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਅਧਿਆਪਕਾਂ ਦੀ ਤਨਖਾਹਾਂ ‘ਚ ਕਟੌਤੀ ਕਰਨ ਅਤੇ ਉਹਨਾਂ ਨੂੰ ਰੈਗੂਲਰ ਹੋਣ ਵਾਸਤੇ ਹੋਰ ਤਿੰਨ ਸਾਲ ਦੀ ਉਡੀਕ ਕਰਵਾਉਣ ਵਾਲੀ ਨਵੀਂ ਨੀਤੀ ਪੱਖਪਾਤੀ ਅਤੇ ਅਣਮਨੁੱਖੀ ਹੈ
ਚੰਡੀਗੜ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੇ ਚੋਣ ਵਾਅਦੇ ਮੁਤਾਬਿਕ ਠੇਕੇ ਉੱਤੇ ਭਰਤੀ ਕੀਤੇ ਅਧਿਆਪਕਾਂ ਨੂੰ ਤੁਰੰਤ ਪੱਕੇ ਕਰੇ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰਨ ਵਾਲੀਆਂ ਨਵੀਆਂ ਪੱਖਪਾਤੀ ਅਤੇ ਅਣਮਨੁੱਖੀ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਆਪਣੀ ਪਾਰਟੀ ਵੱਲੋਂ ਕੀਤੇ ਵਾਅਦੇ ਕਿ ਸੱਤਾ ਵਿਚ ਆਉਣ ਮਗਰੋਂ ਸਾਰੇ ਠੇਕਾ ਆਧਾਰਿਤ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇਗਾ, ਤੋਂ ਹੁਣ ਭੱਜ ਰਹੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ 15 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਨੂੰ ਪੱਕੇ ਹੋਣ ਵਾਸਤੇ ਹੋਰ ਤਿੰਨ ਸਾਲਾਂ ਲਈ 10,300 ਰੁਪਏ ਪ੍ਰਤੀ ਮਹੀਨਾ ਦੀ ਮੁੱਢਲੀ ਤਨਖਾਹ ਉੱਤੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਅਧਿਆਪਕਾਂ ਵਿਚ ਸਰਵ ਸਿੱਖਿਆ ਅਭਿਆਨ (ਐਸਐਸਏ) ਅਤੇ ਰਾਸ਼ਟਰੀ ਮਾਧਿਆਮਕ ਸਿੱਖਿਆ ਅਭਿਆਨ (ਆਰਐਮਐਸਏ) ਤਹਿਤ ਭਰਤੀ ਕੀਤੇ ਅਧਿਆਪਕਾਂ ਤੋਂ ਇਲਾਵਾ, ਕੰਪਿਊਟਰ ਅਧਿਆਪਕ, ਲੈਬ ਅਟੈਂਡੈਂਟ, ਆਦਰਸ਼ ਸਕੂਲਾਂ ਲਈ ਭਰਤੀ ਕੀਤੇ ਅਧਿਆਪਕ ਅਤੇ ਪੇਂਡੂ ਸਹਿਯੋਗੀ ਅਧਿਆਪਕ ਸ਼ਾਮਿਲ ਹਨ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਵਿਚੋਂ ਬਹੁਤ ਸਾਰੇ ਅਧਿਆਪਕ 30000 ਤੋਂ 50,000 ਰੁਪਏ ਪ੍ਰਤੀ ਮਹੀਨਾ ਦੇ ਵਿਚਕਾਰ ਤਨਖਾਹਾਂ ਲੈ ਰਹੇ ਹਨ ਅਤੇ ਉਹਨਾਂ ਨੂੰ ਠੇਕਾ ਆਧਾਰਿਤ ਅਧਿਆਪਕ ਵਜੋਂ ਨੌਕਰੀ ਕਰਦਿਆਂ 8 ਤੋਂ 10 ਸਾਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਦੀ ਨੌਕਰੀ ਨੂੰ ਪੱਕਾ ਕਰਨ ਦੀ ਥਾਂ, ਸਰਕਾਰ ਉਹਨਾਂ ਨੂੰ 10,300 ਰੁਪਏ ਪ੍ਰਤੀ ਮਹੀਨਾ ਦੀ ਮੁੱਢਲੀ ਤਨਖਾਹ ਉੱਤੇ ਕੰਮ ਕਰਨ ਲਈ ਕਹਿ ਰਹੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਜਿੱਥੋਂ ਤਕ 5178 ਪੇਂਡੂ ਸਹਿਯੋਗੀ ਅਧਿਆਪਕਾਂ ਦਾ ਸੰਬੰਧ ਹੈ, ਇਹ ਅਧਿਆਪਕ ਪਿਛਲੇ ਤਿੰਨ ਸਾਲ ਤੋਂ ਤਰ•ਾਂ ਤਰ•ਾਂ ਦੀਆਂ ਔਖਿਆਈਆਂ ਸਹਿੰਦੇ ਹੋਏ ਪੇਂਡੂ ਇਲਾਕਿਆਂ ਵਿਚ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਉੱਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਉਹਨਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਵੇਲਾ ਆਇਆ ਤਾਂ ਸਰਕਾਰ ਉਹਨਾਂ ਨੂੰ ਪੱਕੇ ਕਰਮਚਾਰੀ ਵਜੋਂ ਭਰਤੀ ਕਰਨ ਦੇ ਵਾਅਦੇ ਤੋਂ ਮੁਕਰ ਰਹੀ ਹੈ।
ਸਾਰੇ ਠੇਕਾ ਆਧਾਰਿਤ ਅਧਿਆਪਕਾਂ ਨੂੰ ਤੁਰੰਤ ਪੱਕੇ ਕੀਤੇ ਜਾਣ ਦੀ ਮੰਗ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਵੱਡੀ ਕਟੌਤੀ ਕਰਨਾ ਅਤੇ ਉਹਨਾਂ ਨੂੰ ਪੱਕੇ ਹੋਣ ਲਈ ਤਿੰਨ ਸਾਲ ਹੋਰ ਉਡੀਕ ਕਰਨ ਲਈ ਕਹਿਣਾ ਇੱਕ ਅਣਮਨੁੱਖੀ ਗੱਲ ਹੈ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਬਹੁਤੇ ਅਧਿਆਪਕ ਵਾਧੂ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਇਸ ਲਈ ਉਹਨਾਂ ਦੀਆਂ ਤਨਖਾਹਾਂ ਵਿਚ ਕਟੌਤੀ ਦੀ ਨਹੀਂ, ਸਗੋਂ ਵਾਧਾ ਕੀਤੇ ਜਾਣ ਦੀ ਲੋੜ ਹੈ।
ਠੇਕਾ ਆਧਾਰਿਤ ਅਧਿਆਪਕਾਂ ਦੇ ਨਾਲ ਡਟ ਕੇ ਖੜ•ਣ ਦਾ ਭਰੋਸਾ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਆ ਰਹੇ ਬਜਟ ਸੈਸ਼ਨ ਵਿਚ ਅਕਾਲੀ ਦਲ ਵੱਲੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ।