ਕਾਂਗਰਸ ਦੀ ਛੇ ਮਹੀਨੇ ਦੀ ਹਕੂਮਤ ਧੋਖੇ ਅਤੇ ਝੂਠ ਦੀ ਨਿਕਲੀ: ਸੁਖਬੀਰ ਬਾਦਲ

573
Advertisement


ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰ ਕੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਕਾਂਗਰਸ  ਸਰਕਾਰ ਤੋਂ ਚੋਣ ਵਾਅਦੇ ਪੂਰੇ ਕਰਵਾਉਣ ਲਈ ਅਕਾਲੀ ਦਲ ਵੱਲੋਂ ਜਲਦੀ ਹੀ ਇੱਕ ਲੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਨਵੀਂ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਸਮਾਂ ਦੇਵਾਂਗੇ। ਜਲਦੀ ਹੀ ਇਹ ਸਰਕਾਰ ਆਪਣੇ ਛੇ ਮਹੀਨੇ ਮੁਕੰਮਲ ਕਰਨ ਜਾ ਰਹੀ ਹੈ। ਇਸ ਛੇ ਮਹੀਨੇ ਦੇ ਕਾਰਜਕਾਲ ਨੂੰ ਜੇਕਰ ਇੱਕ ਫਿਕਰੇ ਵਿਚ ਦੱਸਣਾ ਹੋਵੇ ਤਾਂ ਇਸ ਸਾਰੇ  ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਝੂਠੀਆਂ ਉਮੀਦਾਂ ਅਤੇ ਝੂਠੇ ਸੁਫਨੇ ਵਿਖਾ ਕੇ ਸਿਰਫ ਉਹਨਾਂ ਨਾਲ ਧੋਖਾ ਅਤੇ ਵਿਸਵਾਸ਼ਘਾਤ ਕੀਤਾ ਹੈ। ਅਸੀਂ ਇਸ ਸਰਕਾਰ ਦੀ ਖਬਰ ਲਵਾਂਗੇ। ਸਾਡੀ ਕੋਰ ਕਮੇਟੀ 16 ਸਤੰਬਰ ਨੂੰ ਕਾਂਗਰਸ ਸਰਕਾਰ ਦੀ ਨਾ-ਮਾਤਰ ਕਾਰਗੁਜ਼ਾਰੀ ਖ਼ਿਲਾਫ ਲੋਕ ਅੰਦੋਲਨ ਵਿੱਢਣ ਦਾ ਫੈਸਲਾ ਕਰੇਗੀ।
ਪਿਛਲੇ ਛੇ ਮਹੀਨਿਆਂ ਦੌਰਾਨ ਕਾਂਗਰਸ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਕੋਲੋਂ ਕਰਜ਼ਾ ਮੁਆਫੀ ਦੇ ਫਾਰਮ ਭਰਵਾ ਕੇ ਉਹਨਾਂ ਨੂੰ ਲ਼ਿਖਤੀ ਰੂਪ ਵਿਚ ਵਚਨਬੱਧਤਾ ਦਿੱਤੀ ਹੋਣ ਦੇ ਬਾਵਜੂਦ ਇਸ ਸਰਕਾਰ ਨੇ ਸੂਬੇ ਦੇ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਵਚਨਬੱਧਤਾ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਦੁਹਰਾਈ ਸੀ।  ਕਿਸਾਨ ਅਜੇ ਤੀਕ ਆਪਣੇ 90 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦਾ ਫਾਇਦਾ ਕਰਨਾ ਤਾਂ ਦੂਰ ਦੀ ਗੱਲ, ਸਰਕਾਰ ਨੇ ਉਲਟਾ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਕਰ ਵਿਚ ਵਾਧਾ ਕਰ ਦਿੱਤਾ ਹੈ, ਜਿਸ ਨਾਲ ਐਮਐਸਪੀ ਅਧੀਨ ਨਾ ਆਉਣ ਵਾਲੀਆਂ ਫਸਲਾਂ ਜਿਵੇਂ ਸਬਜ਼ੀਆਂ, ਨਰਮਾ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਲੱਖਾਂ ਕਿਸਾਨਾਂ ਉੱਤੇ ਬੋਝ ਪਵੇਗਾ। ਹੁਣ ਇਹਨਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਘੱਟ ਕੀਮਤ ਮਿਲੇਗੀ, ਕਿਉਂਕਿ ਪ੍ਰਾਈਵੇਟ ਵਪਾਰੀ ਇਹਨਾਂ ਟੈਕਸਾਂ ਨੂੰ ਫਸਲ ਦੀ ਕੀਮਤ ਵਿਚ ਜੋੜੇਗਾ।
ਕਿਸਾਨਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਉੱਤੇ ਚਾਨਣਾ ਪਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਕੁਰਕੀ ਅਜੇ ਵੀ ਚੱਲ ਰਹੀ ਹੈ, ਕਿਉਂਕਿ ਸਰਕਾਰ ਨੇ ਰੈਵਨਿਊ ਐਕਟ ਦੀ ਅਹਿਮ ਮੱਦ ਵਿਚ ਅਜੇ ਸੋਧ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ 200 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਰ ਕਿਸੇ ਵੀ ਪੀੜਤ ਪਰਿਵਾਰ ਨੂੰ ਅਜੇ ਤੀਕ ਵਾਅਦੇ ਮੁਤਾਬਿਕ 10 ਲੱਖ ਰੁਪਏ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਿਸਾਨਾਂ ਦੇ ਖਰੀਦੇ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਕਰਕੇ ਸੌੜੀ ਰਾਜਨੀਤੀ ਕਰ ਰਹੀ ਹੈ, ਕਿਉਂਕਿ  ਇੱਥੇ ਜਲਦੀ ਹੀ ਚੋਣ ਹੋਣ ਜਾ ਰਹੀ ਹੈ।
ਇਹ ਦੱਸਦਿਆਂ ਕਿ ਨੌਜਵਾਨਾਂ ਨੂੰ ਕਿਸ ਤਰ੍ਹਾਂ ਬੇਵਕੂਫ ਬਣਾਇਆ ਗਿਆ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਜਿਸ ਅਨੁਸਾਰ ਪੰਜਾਬ ਵਿਚ 50 ਲੱਖ ਘਰਾਂ ਨੂੰ ਨੌਕਰੀ ਦੇਣ ਲਈ ਤਕਰੀਬਨ ਹਰ ਸਾਲ 10 ਲੱਖ ਨੌਕਰੀਆਂ ਦੇਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ ਹੁਣ ਛੇ ਮਹੀਨੇ ਲੰਘ ਚੁੱਕੇ ਹਨ। ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ-ਲੰਘਾ ਚੁੱਕੇ ਪੋਤੇ ਨੂੰ ਡੀਐਸਪੀ ਦੀ ਨੌਕਰੀ ਦੇਣ ਤੋਂ ਇਲਾਵਾ ਅਜੇ ਤੀਕ ਪੰਜਾਬ ਦੇ ਕਿਸੇ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਰੁਜ਼ਗਾਰ ਮੇਲੇ ਦੇ ਨਾਂ ਉੱਤੇ ਇੱਕ ਠੱਗੀ ਮਾਰੀ ਗਈ ਹੈ, ਜਿਸ ਵਿਚ ਸਰਕਾਰ ਨੇ ਤਕਨੀਕੀ ਕਾਲਜਾਂ ਦੁਆਰਾ ਸਾਲਾਨਾ ਕੀਤੀ ਜਾਂਦੀ ਨੌਕਰੀਆਂ ਦੀ ਭਰਤੀ ਨੂੰ ਆਪਣੇ ਲਈ ਢਾਲ ਬਣਾਇਆ ਹੈ। ਰੁਜ਼ਗਾਰ ਘੋਸ਼ਣਾਵਾਂ ਦੀ ਭਰੋਸੇਯੋਗਤਾ ਸਰਕਾਰ ਦੁਆਰਾ ਐਸੋਚੈਮ ਨਾਲ ਸਹੀਬੰਦ ਕੀਤੇ ਇੱਕ ਐਮਓਯੂ ਦੇ ਇੱਕ ਪੰਨੇ ਤੋਂ ਵੇਖੀ ਜਾ ਸਕਦੀ ਹੈ, ਜਿਹੜਾ ਮੀਡੀਆ ਲਈ ਜਾਰੀ ਕੀਤਾ ਗਿਆ ਸੀ। ਇਸ ਐਮਓਯੂ ਉੱਤੇ ਕੋਈ ਤਾਰੀਖ ਹੀ ਨਹੀਂ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਤੋਂ ਵਾਅਦੇ ਤੋਂ ਵੀ ਭੱਜ ਗਈ ਹੈ। ਉਹਨਾਂ ਕਿਹਾ ਕਿ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਵਾਅਦੇ ਮੁਤਾਬਿਕ ਬੇਰੁਜ਼ਗਾਰੀ ਭੱਤਾ ਦੇਣ ਦੀ ਥਾਂ ਉਹਨਾਂ ਨੂੰ ਹੁਨਰ ਵਿਕਾਸ ਕੋਰਸ ਕਰਵਾਏ ਜਾਣਗੇ। ਇਹ ਕੋਰਸ ਤਾਂ ਪਹਿਲਾਂ ਹੀ ਇੱਕ ਕੇਂਦਰੀ ਸਕੀਮ ਤਹਿਤ ਕਰਵਾਏ ਜਾ ਰਹੇ ਹਨ। ਕਾਂਗਰਸ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਉਹ ਕਿਹਾ ਕਿ ਕੁੱਝ ਦਿਨਾਂ ਮਗਰੋਂ ਕਾਂਗਰਸ ਨੌਜਵਾਨਾਂ ਨੂੰ ਮੁਫਤ ਮੋਬਾਇਲ ਫੋਨ ਦੇਣ ਦੇ ਵਾਅਦੇ ਤੋਂ ਵੀ ਮੁੱਕਰ ਜਾਵੇਗੀ।
ਇਹ ਖੁਲਾਸਾ ਕਰਦਿਆਂ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਨਿਰਾਸ਼ ਕੀਤਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਤਹਿਤ ਜਨਵਰੀ ਤੋਂ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ ਹੈ। ਜਦੋਂ ਦੀ ਸਰਕਾਰ ਨੇ ਹਕੂਮਤ ਸੰਭਾਲੀ ਹੈ, ਸ਼ਗਨ ਸਕੀਮ ਇੱਕ ਵਾਰ ਵੀ ਨਹੀਂ ਵੰਡੀ ਗਈ ਹੈ। ਹੋਰ ਵੀ ਬਹੁਤ ਸਾਰੀਆਂ ਸਕੀਮਾਂ- ਕਿਸਾਨਾਂ ਦਾ ਸਿਹਤ ਬੀਮਾ, ਲੜਕੀਆਂ ਲਈ ਮੁਫਤ ਸਾਇਕਲ, ਅਨੁਸੂਚਿਤ ਜਾਤੀਆਂ ਨੂੰ ਘਰਾਂ ਲਈ 200 ਯੂਨਿਟ ਮੁਫਤ ਬਿਜਲੀ,  ਐਸਸੀ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਮੁੱਖ ਮੰਤਰੀ ਤੀਰਥ ਯਾਤਰਾ-ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਂਗਰਸ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਮੁਤਾਬਿਕ ਕਮਜ਼ੋਰ ਵਰਗਾਂ ਨੂੰ ਵੀ ਚਾਹ ਪੱਤੀ, ਚੀਨੀ ਅਤੇ ਘਿਓ ਨਹੀਂ ਦਿੱਤਾ ਜਾ ਰਿਹਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਧਾਨ ਸਭਾ ਵਿਚ ਐਲਾਨੇ ਗਏ ਜਾਂ ਕੈਬਨਿਟ ਵਿਚ ਲਏ ਗਏ ਫੈਸਲਿਆਂ ਦੀ ਕੋਈ ਵੁੱਕਤ ਨਹੀਂ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦਾ ਐਲਾਨ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਵਿਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਅਸੰਬਲੀ ਵਿਚ ਐਲਾਨ ਕੀਤਾ ਸੀ ਕਿ ਮੌਜੂਦਾ ਅਤੇ ਨਵੇਂ ਉਦਯੋਗਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ। ਇਹ ਸਾਰੀਆਂ ਘੋਸ਼ਣਾਵਾਂ ਨੂੰ ਅਜੇ ਲਾਗੂ ਕੀਤਾ ਜਾਣਾ ਬਾਕੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਨੂੰ ਵੀ ਅਜੇ ਤੀਕ ਅਮਲ ਵਿਚ ਨਹੀਂ ਲਿਆਂਦਾ ਗਿਆ। ਨਾ ਤਾਂ ਇਸ ਅਕਾਦਮਿਕ ਸੈਸ਼ਨ ਤੋਂ ਕੁੜੀਆਂ ਨੂੰ ਪ੍ਰਾਇਮਰੀ ਤੋਂ ਲੈ ਕੇ ਪੀਐਚਡੀ ਤਕ ਮੁਫਤ ਸਿੱਖਿਆ ਦੇਣ ਦੇ ਕੈਬਨਿਟ  ਦੇ ਫੈਸਲੇ ਨੂੰ ਅਮਲ ਵਿਚ ਲਿਆਂਦਾ ਗਿਆ ਹੈ ਅਤੇ ਨਾ ਹੀ ਨੌਜਵਾਨਾਂ ਲਈ 100 ਕਰੋੜ ਰੁਪਏ ਸਟਾਰਟ-ਅਪ ਫੰਡ ਅਜੇ ਤੀਕ ਜਾਰੀ ਕੀਤਾ ਗਿਆ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਕੀਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਚੰਗਾ ਕੰਮ ਤਾਂ ਇੱਕ ਵੀ ਨਹੀਂ ਕੀਤਾ ਗਿਆ ਜਦਕਿ ਮਾੜੇ ਕੰਮਾਂ ਦੀ ਸੂਚੀ ਖਤਮ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਰਕਾਰ ਵਿੱਤੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਜਿਸ ਕਰਕੇ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਗੱਲ ਵਾਪਰੀ ਹੈ ਕਿ ਇੱਕ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਹੀ ਲਾਚਾਰ ਹੋ ਗਈ। ਉਹਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਰੋਕ ਦਿੱਤੇ ਗਏ ਹਨ। ਪਿੰਡਾਂ ਨੂੰ ਦਿੱਤੀਆਂ ਸਾਰੀਆਂ ਗਰਾਂਟਾਂ ਵਾਪਸ ਲੈ ਲਈਆਂ ਗਈਆਂ ਹਨ। ਇੱਥੋਂ ਤਕ ਕਿ ਕਸਬਿਆਂ ਵਿਚ ਸੀਵਰੇਜ ਦਾ ਚੱਲ  ਰਿਹਾ ਕੰਮ ਵੀ ਰੁਕ ਗਿਆ ਹੈ।

Advertisement

LEAVE A REPLY

Please enter your comment!
Please enter your name here