ਔਰਤਾਂ ਨੂੰ ਉਦਯੋਗ ਜਗਤ ’ਚ ਨਵੀਂ ਪਛਾਣ ਦੇਵੇਗਾ ਸ਼ੀ-ਫੋਰਮ
ਪੀ.ਐੱਚ.ਡੀ.ਸੀ.ਸੀ.ਆਈ. ਦੇ ਮਹਿਲਾ ਵਿੰਗ ਦਾ ਗਠਨ
ਮਹਿਲਾ ਉੱਦਮੀਆਂ ਦੇ ਉਤਪਾਦਾਂ ਨੂੰ ਮਿਲੇਗਾ ਅੰਤਰਰਾਸ਼ਟਰੀ ਬਾਜ਼ਾਰ
ਚੰਡੀਗੜ੍ਹ, 7 ਮਾਰਚ (ਵਿਸ਼ਵ ਵਾਰਤਾ):- ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਮਹਿਲਾ ਉੱਦਮੀਆਂ ਨੂੰ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਵੂਮੈਨ ਸੈੱਲ ਸ਼ੀ ਫੋਰਮ ਦੀ ਸ਼ੁਰੂਆਤ ਕੀਤੀ ਗਈ। ਮਹਿਲਾ ਦਿਵਸ ਦੇ ਸੰਦਰਭ ’ਚ ਆਯੋਜਿਤ ਸਮਾਗਮ ਦੌਰਾਨ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਮਹਿਲਾ ਉੱਦਮੀਆਂ, ਤਨਖਾਹਦਾਰ ਪੇਸ਼ੇਵਰਾਂ, ਅਭਿਲਾਸ਼ੀ ਘਰੇਲੂ ਔਰਤਾਂ ਅਤੇ ਹਰ ਖੇਤਰ ਦੇ ਉਤਸ਼ਾਹੀ ਲੋਕਾਂ ਨੂੰ ਪੀ. ਐੱਚ. ਡੀ. ਸੀ. ਸੀ. ਆਈ. ਸ਼ੀ-ਫੋਰਮ ਵਿੱਚ ਸ਼ਾਮਲ ਹੋਣ ਅਤੇ ਇਸ ਦੀਆਂ ਵੱਖ-ਵੱਖ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਲੈਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਕਰਕੇ ਵਿਕਾਸ, ਸਹਿਯੋਗ ਅਤੇ ਸਸ਼ਕਤੀਕਰਨ ਦੇ ਅਣਗਿਣਤ ਮੌਕਿਆਂ ਦਾ ਲਾਭ ਉਠਾ ਸਕਦੀਆਂ ਹਨ।
ਇਸ ਮੌਕੇ ‘ਤੇ ਬੋਲਦਿਆਂ ਇਨਰ ਵੈੱਲਨੈਸ ਦੀ ਸੰਸਥਾਪਕ ਮਧੂ ਪੰਡਿਤ ਨੇ ਭਾਗ ਲੈਣ ਵਾਲਿਆਂ ਨੂੰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮੈਡੀਟੇਸ਼ਨ ਦੇ ਲਾਭਾਂ ਬਾਰੇ ਜਾਣੂ ਕਰਵਾਇਆ, ਜਿਸਨੂੰ ਹਰ ਕੋਈ, ਖਾਸ ਕਰਕੇ ਔਰਤਾਂ ਜੀਅ ਰਹੀਆਂ ਹਨ। ਉਨ੍ਹਾਂ ਨੇ ਸਾਹ ਲੈਣ ਦੇ ਕਈ ਤਰ੍ਹਾਂ ਦੇ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਜੋ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਸ਼ਾਂਤ ਕਰਦੇ ਹਨ। ਓ. ਜੇ. ਐੱਸ. ਫਿਟਨੈਸ ਕਲੀਨਿਕ ਅਤੇ ਐਜ਼ੂਕੇਸ਼ਨਲ ਸੈਂਟਰ ਦੀ ਸੰਸਥਾਪਕ ਡਾ. ਵਿਭਾ ਬਾਵਾ ਨੇ ਵਿਅਕਤੀਗਤ ਟੀਚਿਆਂ ਦੇ ਨਾਲ-ਨਾਲ ਬਲੱਡ ਗਰੁੱਪ ’ਤੇ ਨਿਰਭਰ ਕਰਦੇ ਹੋਏ, ਸਹੀ ਖੁਰਾਕ ਤੋਂ ਪ੍ਰਾਪਤ ਹੋਣ ਵਾਲੇ ਕਈ ਤਰ੍ਹਾਂ ਦੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਦੇ ਵਿਚਾਰ-ਵਟਾਂਦਰੇ ਦੇ ਬਿੰਦੂ ਔਰਤਾਂ ਅਤੇ ਮਰਦਾਂ ਦੋਵਾਂ ਦੀ ਸਮੁੱਚੀ ਸਿਹਤ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ, ਖਾਣ ਪੀਣ ਦੀਆਂ ਆਦਤਾਂ ਅਤੇ ਤਣਾਅ ਪ੍ਰਬੰਧਨ ਦੇ ਮਹੱਤਵ ‘ਤੇ ਕੇਂਦ੍ਰਿਤ ਸਨ।
ਹਿਮਾਚਲ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਐੱਚ.ਪੀ.ਆਰ.ਐੱਸ. ਅਧਿਕਾਰੀ ਸ਼੍ਰੀਮਤੀ ਪੂਨਮ ਠਾਕੁਰ ਨੇ ਲੜਕੀਆਂ ਦੀ ਸਿੱਖਿਆ ਵਿੱਚ ਨਿਵੇਸ਼ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਸ਼ਕਤੀਕਰਨ ਜ਼ਿੰਮੇਵਾਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਜ ਔਰਤਾਂ ਨੂੰ ਆਪਣੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਨੂੰ ਇੱਕ ਦੂਜੇ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰਨ ਲਈ ਵੀ ਉਤਸ਼ਾਹਿਤ ਕੀਤਾ। ਡਾਲਮੀਆ ਭਾਰਤ ਗਰੁੱਪ ਦੀ ਕਾਨੂੰਨੀ ਅਤੇ ਸਕੱਤਰੇਤ ਪ੍ਰਮੁੱਖ ਮੇਘਨਾ ਸੈਣੀ ਨੇ ਪੀਓਐੱਸਐੱਚ ਐਕਟ ਦੇ ਵੱਖ-ਵੱਖ ਪਹਿਲੂਆਂ ’ਤੇ ਅਤੇ ਇਸ ਤਹਿਤ ਕਿਸ ਕਿਸਮ ਦੀਆਂ ਸਥਿਤੀਆਂ ਨੂੰ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ ਹੈ, ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਮੰਤਵ ਜਾਅਲੀ ਰਿਪੋਰਟਾਂ ਨੂੰ ਉਤਸ਼ਾਹਿਤ ਕਰਨਾ ਨਹੀਂ ਹੈ ਬਲਕਿ ਅਸਲ ਸਬੰਧਤ ਧਿਰਾਂ ਨੂੰ ਆਵਾਜ ਬੁਲੰਦ ਕਰਨ ਅਤੇ ਅਜਿਹੇ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਨਾ ਹੈ।
ਰੇਡੀਓ ਜੌਕੀ ਆਰਜੇ ਗੀਤ ਨੇ ਵਿਆਹ ਤੋਂ ਬਾਅਦ ਔਰਤ ਦੇ ਜੀਵਨ ਵਿੱਚ ਆਉਣ ਵਾਲੇ ਵੱਖ-ਵੱਖ ਬਦਲਾਅ ਅਤੇ ਅਜਿਹੇ ਸਾਰੇ ਤਜਰਬੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਆਕਾਰ ਦਿੰਦੇ ਹਨ, ਬਾਰੇ ਗੱਲ ਕੀਤੀ। ਸੰਗੀਤਕਾਰ ਸ਼੍ਰੀਮਤੀ ਸੁਨਿਆਨੀ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਭਾਗ ਲੈਣ ਵਾਲਿਆਂ ਦਾ ਮਨ ਮੋਹ ਲਿਆ। ਉਨ੍ਹਾਂ ਨੇ ਪੰਜਾਬੀ ਲੋਕ ਸੰਗੀਤ ਵੱਲ ਆਪਣੇ ਸਫ਼ਰ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਪੰਜਾਬੀ ਲੋਕ ਸੰਗੀਤ ਬਾਰੇ ਖੋਜ ਦਾ ਸਫ਼ਰ ਕਿਵੇਂ ਸ਼ੁਰੂ ਕੀਤਾ। ਪੀ. ਐੱਚ. ਡੀ. ਸੀ. ਸੀ. ਆਈ. ਮਹਿਲਾ ਵਿਕਾਸ ਕਮੇਟੀ ਦੀ ਕਨਵੀਨਰ ਐਡਵੋਕੇਟ ਪੂਜਾ ਨਈਅਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ਼ੀ-ਫੋਰਮ ਨਾਲ ਜੁੜ ਕੇ ਉਦਯੋਗ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ।