ਐਡਵੋਕੇਟ ਜਨਰਲ ਵੱਲੋਂ ਕਾਨੂੰਨੀ ਮਾਹਿਰਾਂ ਨੂੰ ਇਨਸਾਫ ਤੇ ਆਜ਼ਾਦੀ ਦੀਆਂ ਸੰਵਿਧਾਨਕ ਰਵਾਇਤਾਂ ਕਾਇਮ ਰੱਖਣ ਦਾ ਸੱਦਾ

135
Advertisement


– ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਸੰਸਥਾ ਲਈ ਫੰਡ ਇਕੱਠਾ ਕਰਨ ਵਾਸਤੇ ਅੱਗੇ ਆਉਣ-ਅਤੁਲ ਨੰਦਾ
ਅੰਮ੍ਰਿਤਸਰ, 16 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੇ ਕਾਨੂੰਨੀ ਮਾਹਿਰਾਂ ਨੂੰ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਬੁਨਿਆਦੀ ਤੱਤਾਂ ਦੇ ਸੰਵਿਧਾਨਕ ਸਵਰੂਪ ਨੂੰ ਕਾਇਮ ਰੱਖਣ ਦੇ ਨਾਲ-ਨਾਲ ਹੋਰ ਮਜ਼ਬੂਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਅਨੇਕਤਾ ‘ਚ ਏਕਤਾ ਦੀ ਬਹੁਮੁੱਲੀ ਵਿਭਿੰਨਤਾ ਦੀ ਅਮੀਰ ਪ੍ਰੰਪਰਾ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦੀ ਇਕੱਤਰਤਾ-2018 ਵਿੱਚ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਨੰਦਾ ਨੇ ‘ਗਲਤ ਖ਼ਬਰਾਂ’ ਕਾਰਨ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਪੇਸ਼ ਆਉਣ ਵਾਲੇ ਗੰਭੀਰ ਖਤਰਿਆਂ ਬਾਰੇ ਸੁਚੇਤ ਕਰਦਿਆਂ ਸਮਾਜ ਨੂੰ ਲੋੜ ਪੈਣ ‘ਤੇ ਇਨ੍ਹਾਂ ਖਿਲਾਫ ਸਿਧਾਂਤਕ ਸਟੈਂਡ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਿਧਾਂਤਕ ਸਟੈਂਡ ਲੈਣ ਤੋਂ ਥਿੜਕ ਗਏ ਤਾਂ ਇਸ ਨਾਲ ਜਮਹੂਰੀਅਤ ਵਜੋਂ ਭਾਰਤ ਦੀ ਹੋਂਦ ਨੂੰ ਖਤਰਾ ਖੜ੍ਹਾ ਹੋਣ ਦੇ ਨਾਲ-ਨਾਲ ਮੌਜੂਦਾ ਸਮੇਂ ਵਿੱਚ ਮਾਣੀ ਜਾ ਰਹੀ ਆਜ਼ਾਦੀ ਵੀ ਸੰਕਟ ਵਿੱਚ ਪੈ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਕੰਮ ਅਤੇ ਵਿਹਾਰ ਵਿੱਚ ਅਸੀਂ ਪੱਖਪਾਤ, ਰੂੜੀਵਾਦੀ ਅਤੇ ਪੂਰਵ-ਅਨੁਮਾਨ ਤੋਂ ਦੂਰ ਰਹੀਏ ਅਤੇ ਅਜਿਹੇ ਦ੍ਰਿਸ਼ਟੀਕੋਣ ਨੂੰ ਅਪਨਾਈਏ ਜੋ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨੂੰ ਬਰਕਰਾਰ ਰੱਖੇ। ਉਨ੍ਹਾਂ ਕਿਹਾ ਕਿ ਸਾਡੀ ਸਿੱਖਿਆ ਤੇ ਸਿੱਖਿਆ ਦੇਣ ਵਾਲੇ ਲਾਮਿਸਾਲ ਹਨ ਅਤੇ ਅੱਜ ਇਨ੍ਹਾਂ ਦਾ ਮਹੱਤਵ ਹੋਰ ਵੀ ਵਧ ਗਿਆ ਹੈ।

ਨੌਜਵਾਨਾਂ ਦੀ ਸੋਚ ਅਤੇ ਯੋਗਤਾ ਬਾਰੇ ਗੱਲ ਕਰਦਿਆਂ ਸ੍ਰੀ ਨੰਦਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਯੋਜਨਾਬੱਧ ਖੋਜਾਂ ਦੀ ਚੰਗੀ ਪ੍ਰਕਿਰਿਆ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਲਈ ਕਲਾਸ ਰੂਮ ਦੀ ਸਿੱਖਿਆ ਅਤੇ ਭਾਸ਼ਣ ਆਦਿ ਦੀ ਖੋਜ ਦੀ ਅਮੁੱਕ ਸ਼ੁਰੂਆਤ ਹੋਣੀ ਚਾਹੀਦੀ ਹੈ।

ਦੁਨੀਆਂ ਭਰ ਵਿਚ ਅਦਾਰਿਆਂ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਐਸੋਸੀਏਸ਼ਨਾਂ ਦੁਆਰਾ ਸਿੱਖਿਆ ਦੇ ਪ੍ਰਚਾਰ ਲਈ ਫੰਡ ਪ੍ਰਦਾਨ ਕਰਨ ਵਾਲੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਆਈ.ਆਈ.ਟੀ. ਮਦਰਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ 5,000 ਦਾਨੀਆਂ ਵੱਲੋਂ ਆਪਣੀ ਪੁਰਾਣੀ ਸੰਸਥਾ ਲਈ 177 ਕਰੋੜ ਰੁਪਏ ਦਾਨ ਵਜੋਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੀ ਪ੍ਰਸੰਸਾ ਕਰਦਿਆਂ ਉਪ ਕੁਲਪਤੀ ਨੂੰ ਬੇਨਤੀ ਕੀਤੀ ਕਿ ਉਹ ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਫੰਡ ਦੀ ਸ਼ੁਰੂਆਤ ਕਰਨ ਤਾਂ  ਜੋ ਰਾਜ ਦੇ ਸਰਕਾਰੀ ਖਜ਼ਾਨੇ ‘ਤੇ ਬੋਝ ਪਾਏ ਬਿਨਾਂ ਖੋਜ ਕਾਰਜ ਅਤੇ ਸਿੱਖਿਆ ਦੇ ਪੱਧਰ ਵਿੱਚ ਕੰਮ ਹੁੰਦਾ ਰਹੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵਸੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਇਸ ਫੰਡ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਅਦਾਰਾ ਜੋ ਸਾਡੀ ਮਾਂ ਹੈ, ਜਿਸ ਨੇ ਸਾਨੂੰ ਪਛਾਣ ਤੇ ਨਾਮ ਦਿੱਤਾ ਅਤੇ ਜੀਵਨ ਦੀ ਜਾਚ ਸਿਖਾਈ, ਉਸ ਲਈ ਫੰਡ ਇਕੱਠਾ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇੱਥੋਂ ਮਿਆਰੀ ਸਿੱਖਿਆ ਹਾਸਲ ਕਰਕੇ ਜਾਣ। ਉਨ੍ਹਾਂ ਕਿਹਾ ਕਿ ਇੱਥੇ ਪ੍ਰਾਪਤ ਕੀਤੀ ਸਿੱਖਿਆ ਅਤੇ ਹੁਨਰ ਅੱਜ ਮੇਰੀ ਸਭ ਤੋਂ ਵੱਡੀ ਜਾਇਦਾਦ ਹੈ।

ਕੈਪਸ਼ਨ- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਬੋਧਨ ਕਰਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ। ਨਾਲ ਸ੍ਰੀ ਅਤੁਲ ਨੰਦਾ ਨੂੰ ਸਨਮਾਨਿਤ ਕਰਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਹੋਰ।

Advertisement

LEAVE A REPLY

Please enter your comment!
Please enter your name here