ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ
ਚੰਡੀਗੜ੍ਹ, 8ਮਈ(ਵਿਸ਼ਵ ਵਾਰਤਾ)- ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਇਹ ਖਾਸ ਖ਼ਬਰ ਹੈ, ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਆਸਟ੍ਰੇਲੀਆ ਨੇ ਦੇਸ਼ ਵਿੱਚ ਵੱਧ ਰਹੇ ਇਮੀਗ੍ਰੇਸ਼ਨ ਅਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਫੈਸਲਾ ਕੀਤਾ ਹੈ। ਨਵੇਂ ਵਿਦਿਆਰਥੀ ਵੀਜ਼ਾ ਨਿਯਮਾਂ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਲੈਣ ਲਈ ਹੁਣ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰਾਂ ਦੀ ਬਚਤ ਦਿਖਾਉਣੀ ਪਵੇਗੀ। ਜਾਣਕਾਰੀ ਮੁਤਾਬਕ ਨਵੇਂ ਨਿਯਮ ਅਗਲੇ ਸ਼ੁੱਕਰਵਾਰ ਤੋਂ ਲਾਗੂ ਹੋ ਜਾਣਗੇ। ਇਸ ਦੇ ਨਾਲ ਹੀ ਆਸਟ੍ਰੇਲੀਅਨ ਸਰਕਾਰ ਨੇ ਵਿਦਿਆਰਥੀ ਵੀਜ਼ੇ ਲਈ ਅੰਗਰੇਜ਼ੀ ਭਾਸ਼ਾ ਦੀ ਸ਼ਰਤ ਨੂੰ ਵੀ ਸਖ਼ਤ ਕਰ ਦਿੱਤਾ ਹੈ। ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੋੜੀਂਦੇ ਆਈਲੈਟਸ ਸਕੋਰ ਨੂੰ 6.0 ਤੋਂ ਵਧਾ ਕੇ 6.5 ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਗੂਲਰ ਵਿਦਿਆਰਥੀ ਵੀਜ਼ਾ ਲਈ ਸਕੋਰ 5.5 ਤੋਂ ਵਧ ਕੇ 6.0 ਹੋ ਗਿਆ ਹੈ ਅਤੇ ਨਾਲ ਹੀ, ਅੰਗਰੇਜ਼ੀ ਭਾਸ਼ਾ ਦੇ ਟੈਸਟ ਦੀ ਵੈਧਤਾ ਮਿਆਦ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ।