‘ਆਪ’ ਸਰਕਾਰ ਆਮ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨੂੰ ਨਹੀਂ ਕਰੇਗੀ ਬਰਦਾਸ਼ਤ – ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ, 25 ਅਪ੍ਰੈਲ(ਵਿਸ਼ਵ ਵਾਰਤਾ)‘ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ’ਚ ਸਸਤੀ ਅਤੇ ਗੁਣਵੱਤਾ ਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਲਈ ਜਿੱਥੇ ਸਰਕਾਰੀ ਸਕੂਲਾਂ ਦੀ ਸਥਿਤੀ ਸੁਧਾਰੀ ਜਾ ਰਹੀ ਹੈ, ਉਥੇ ਹੀ ਨਿੱਜੀ ਸਕੂਲਾਂ ਨੂੰ ਸਸਤੀ ਸਿੱਖਿਆ ਦੇਣ ਲਈ ਪਾਬੰਦ ਕੀਤਾ ਜਾ ਰਿਹਾ ਹੈ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪਾਰਟੀ ਦਫ਼ਤਰ ’ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਐਡਵੋਕੇਟ ਰਵਿੰਦਰ ਸਿੰਘ ਵੀ ਮੌਜ਼ੂਦ ਸਨ।
ਮਾਲਵਿੰਦਰ ਸਿੰਘ ਕੰਗ ਨੇ ਸਿੱਖਿਆ ਸੁਧਾਰਾਂ ਪ੍ਰਤੀ ਨਿੱਜੀ ਸਕੂਲਾਂ ਨੂੰ ਪਾਬੰਦ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 720 ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜੋ ਸਵਾਗਤਯੋਗ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਅਕ ਸੈਸ਼ਨ ’ਚ ਫੀਸ ਨਾ ਵਧਾਉਣ ਅਤੇ ਕਿਤਾਬਾਂ, ਕਾਪੀਆਂ ਸਮੇਤ ਵਰਦੀਆਂ ਖਰੀਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਨਿੱਜੀ ਸਕੂਲਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰ ਨੂੰ ਸ਼ਿਕਾਇਤਾਂ ਕੀਤੀਆਂ ਹਨ, ਜਿਨਾਂ ਦੇ ਆਧਾਰ ’ਤੇ ਸਿੱਖਿਆ ਮੰਤਰੀ ਨੇ ਸੰਬੰਧਿਤ ਸਕੂਲਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਦੀ ਹੁਣ ਮਨਮਰਜੀ ਨਹੀਂ ਚੱਲੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਚੋਣਾ ਤੋਂ ਪਹਿਲਾਂ ਚੰਗੀ ਅਤੇ ਸਸਤੀ ਸਿੱਖਿਆ ਦੇਣ ਦਾ ਵਾਅਦਾ ਕੀਤਾ ਸੀ ਅਤੇ ਮਾਨ ਸਰਕਾਰ ਉਸ ਵਾਅਦੇ ’ਤੇ ਖਰੀ ਉਤਰ ਰਹੀ ਹੈ। ਨਿੱਜੀ ਸਕੂਲਾਂ ਦੀ ਲੁੱਟ ਅਤੇ ਮਨਮਾਨੀ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਦੇ ਥੋੜੇ ਦਿਨਾਂ ਬਾਅਦ ਹੀ ਆਦੇਸ਼ ਦਿੱਤੇ ਸਨ ਕਿ ਕੋਈ ਵੀ ਨਿੱਜੀ ਸਕੂਲ ਇਸ ਸੈਸ਼ਨ ’ਚ ਫੀਸ ਨਹੀਂ ਵਧਾਏਗਾ ਅਤੇ ਮਾਪਿਆਂ ਨੂੰ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਤੇ ਸਕੂਲ ਦੀ ਵਰਦੀ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਪਰ ਸਰਕਾਰ ਨੂੰ ਹਜਾਰਾਂ ਮਾਪਿਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁੱਝ ਸਕਲੂ ਮਨਮਾਨੀ ਕਰਦੇ ਹੋਏ ਸਰਕਾਰ ਦੇ ਆਦੇਸ਼ ਦਾ ਪਾਲਣ ਨਹੀਂ ਕਰ ਰਹੇ।
ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੇ ਕੋਈ ਸਕੂਲ ਮਾਪਿਆਂ ਦਾ ਆਰਥਿਕ ਸੋਸ਼ਣ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਸਕੂਲ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇਗੀ। ਮਾਨ ਸਰਕਾਰ ਸਿੱਖਿਆ ਅਤੇ ਇਲਾਜ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।