‘ਆਪ’ ਪੰਜਾਬ ‘ਚ ਇਕੱਲੇ ਲੜੇਗੀ ਲੋਕ ਸਭਾ ਚੋਣਾਂ
ਚੰਡੀਗੜ੍ਹ,24ਜਨਵਰੀ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ‘ਆਪ’ ਨੇ ਇਸ ਲਈ ਅੰਦਰੂਨੀ ਤੌਰ ‘ਤੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ਲਈ 40 ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ। ਕੁਝ ਸੀਟਾਂ ‘ਤੇ 2 ਵਿਕਲਪ ਹਨ ਅਤੇ ਕੁਝ ਸੀਟਾਂ ‘ਤੇ 4 ਵਿਕਲਪ ਹਨ। ਸੂਤਰਾਂ ਅਨੁਸਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮੀਟਿੰਗ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ‘ਆਪ’ ਵਿਰੋਧੀ ਪਾਰਟੀਆਂ ਦੇ ਗਠਜੋੜ I.N.D.I.A. ਦੀ ਮੀਟਿੰਗ ‘ਚ ਵੀ ਇਸ ਫੈਸਲੇ ਨੂੰ ਪੇਸ਼ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 13-0 ਨਾਲ ਜਿੱਤਣ ਦੀ ਗੱਲ ਕਰ ਚੁੱਕੇ ਹਨ।