‘ਆਪ’ ਨੇ ਖਿਚੀ ਤਿਆਰੀ, ਭਾਜਪਾ ‘104’ – ‘ਆਪ’ 134 , ਕੀ ਹੋਵੇਗਾ ਮੇਅਰ ਸੀਟ ਲਈ ਸਿਆਸੀ ਗੁਣਾ ਭਾਗ ? ਚੋਣ 26 ਨੂੰ
ਦਿੱਲੀ,18ਅਪ੍ਰੈਲ(ਵਿਸ਼ਵ ਵਾਰਤਾ)- : ਆਮ ਆਦਮੀ ਪਾਰਟੀ ਨੇ ਦੇਵਨਗਰ ਵਾਰਡ ਦੇ ਕੌਂਸਲਰ ਮਹੇਸ਼ ਖਿਚੀ ਨੂੰ ਦਿੱਲੀ ਐੱਮਸੀਡੀ ਦੇ ਮੇਅਰ ਚੋਣ ਲਈ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਆਗੂ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨ ਵਿਹਾਰ ਦੇ ਕੌਂਸਲਰ ਰਵਿੰਦਰ ਭਾਰਦਵਾਜ ਡਿਪਟੀ ਮੇਅਰ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਸਾਲ ਐੱਮਸੀਡੀ ਮੇਅਰ ਰਾਖਵੀਂ ਸ਼੍ਰੇਣੀ ਦੇ ਕੌਂਸਲਰਾਂ ਵਿੱਚੋਂ ਚੁਣਿਆ ਜਾਵੇਗਾ। ਗੋਪਾਲ ਰਾਏ ਨੇ ਕਿਹਾ ਕਿ ਖਿਚੀ 2012 ‘ਚ ਆਪਣੀ ਸਥਾਪਨਾ ਤੋਂ ਹੀ ‘ਆਪ’ ਨਾਲ ਜੁੜੇ ਹਨ। ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਦਿੱਲੀ ਨਗਰ ਨਿਗਮ ਵਿੱਚ ‘ਆਪ’ ਦੇ 250 ਵਿੱਚੋਂ 134 ਕੌਂਸਲਰ ਹਨ, ਜਿਸ ਕਾਰਨ ਦੋਵਾਂ ਉਮੀਦਵਾਰਾਂ ਲਈ ਚੋਣ ਰਸਤਾ ਮੁਸ਼ਕਲ ਹੁੰਦਾ ਨਜ਼ਰ ਨਹੀਂ ਆ ਰਿਹਾ। ਨਗਰ ਨਿਗਮ ਵਿੱਚ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ 104 ਕੌਂਸਲਰ ਹਨ। 26 ਅਪਰੈਲ ਨੂੰ ਕੌਂਸਲਰਾਂ ਦੀ ਮੀਟਿੰਗ ਵਿੱਚ ਮੇਅਰ ਦੀ ਚੋਣ ਕੀਤੀ ਜਾਵੇਗੀ।