‘ਆਪ’ ਦੇ ਰੋਡ-ਸ਼ੋਆਂ ਨੂੰ ਭਰਵਾਂ ਹੁੰਗਾਰਾ ਗੁਜਰਾਤ ‘ਚ ਬਦਲਾਅ ਦੀ ਹਨੇਰੀ ਦਾ ਸਬੂਤ: ਮੁੱਖ ਮੰਤਰੀ ਭਗਵੰਤ ਮਾਨ
-ਮੁੱਖ ਮੰਤਰੀ ਨੇ ਚੋਣ ਸਰਵੇਖਣਾਂ ਨੂੰ ਨਕਾਰਿਆ, ਕਿਹਾ ‘ਅਸੀਂ ਸਰਵੇ ‘ਚ ਨਹੀਂ ਦਿਖਦੇ, ਪਰ ਸਰਕਾਰ ਬਣਾਉਂਦੇ ਹਾਂ’
ਰਾਤ 8 ਵਜੇ ਤੋਂ ਬਾਅਦ ਨਿਊਜ਼ ਚੈਨਲਾਂ ‘ਤੇ ਗੁੰਮਰਾਹ ਕਰਨ ਵਾਲੀਆਂ ਭੜਕਾਊ ਬਹਿਸਾਂ ਨਾ ਦੇਖੋ: ਮਾਨ
-ਗੁਜਰਾਤ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਨਹੀਂ, ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ ਹੈ: ਮਾਨ
ਅੰਬਰਗਾਓਂ (ਗੁਜਰਾਤ)/ਚੰਡੀਗੜ੍ਹ, 21 ਨਵੰਬਰ: ਆਪਣੇ ਰੋਡ ਸ਼ੋਅ ਵਿੱਚ ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਲੋਕਾਂ ਦੀ ਭਾਰੀ ਭੀੜ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਬਦਲਾਅ ਦੀ ਹਨੇਰੀ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ (ਆਪ) ਆਗਾਮੀ ਵਿਧਾਨ ਸਭਾ ਚੋਣਾਂ ‘ਚ ਪਿਛਲੇ 27 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਦੇ ਗੜ੍ਹ ਨੂੰ ਢਹਿ-ਢੇਰੀ ਕਰਕੇ ਸ਼ਾਨਦਾਰ ਜਿੱਤ ਨਾਲ ਸਰਕਾਰ ਬਣਾਏਗੀ।
ਸੋਮਵਾਰ ਨੂੰ ਗੁਜਰਾਤ ਦੇ ਅੰਬਰਗਾਓਂ ਵਿੱਚ ਇੱਕ ਰੋਡ ਸ਼ੋਅ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕ ‘ਆਪ’ ਆਗੂਆਂ ਨੂੰ ਅਥਾਹ ਪਿਆਰ ਦੇ ਰਹੇ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਗੁਜਰਾਤ ਦੇ ਲੋਕ ਹੁਣ ਬਦਲਾਅ ਲਿਆਉਣ ਅਤੇ ਰਿਕਾਰਡ ਤੋੜ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਉਣ ਲਈ ਤਿਆਰ ਹਨ।
ਓਪੀਨੀਅਨ ਪੋਲ ਸਰਵੇਖਣਾਂ ‘ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਪਾਰਟੀ ਇਨ੍ਹਾਂ ਸਰਵੇਖਣਾਂ ‘ਚ ਦਿਖਾਈ ਨਹੀਂ ਦਿੰਦੀ ਪਰ ਸੂਬੇ ‘ਚ ਸਿੱਧੇ ਤੌਰ ‘ਤੇ ਸਰਕਾਰ ਬਣਾਉਂਦੀ ਹੈ। “ਅਸੀਂ ਪੰਜਾਬ ਵਿੱਚ ਮੀਡੀਆ ਦੇ ਐਗਜ਼ਿਟ ਪੋਲ ਵਿੱਚ ਵੀ ਅੱਗੇ ਨਹੀਂ ਆਏ ਸੀ ਪਰ 117 ਵਿੱਚੋਂ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ। ਇੱਥੇ ਵੀ ਮੈਨੂੰ ਭਰੋਸਾ ਹੈ ਕਿ ਗੁਜਰਾਤ ਦੇ ਲੋਕ ਦਿੱਲੀ ਅਤੇ ਪੰਜਾਬ ਦਾ ਇਤਿਹਾਸ ਦੁਹਰਾ ਰਹੇ ਹਨ।”
‘ਪੱਖਪਾਤੀ ਬਹਿਸਾਂ’ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਰਾਤ 8 ਵਜੇ ਤੋਂ ਬਾਅਦ ਨਿਊਜ਼ ਚੈਨਲਾਂ ‘ਤੇ ਅਜਿਹੀਆਂ ਭੜਕਾਊ ਬਹਿਸਾਂ ਨਾ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਹੀ ਉਨ੍ਹਾਂ ਦੇ ਨਿਊਜ਼ ਚੈਨਲ ਹਨ ਜਿਸ ਤਰ੍ਹਾਂ ਉਹ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ‘ਆਪ’ ਦਾ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗੁਜਰਾਤ ਵਿੱਚ ਕਿਸੇ ਬਦਲ ਦੀ ਘਾਟ ਕਾਰਨ 27 ਸਾਲਾਂ ਤੋਂ ਸਰਕਾਰ ਚਲਾ ਰਹੀ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸਨ। ਹੁਣ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਨਹੀਂ ਸਗੋਂ ਸੂਬੇ ਦੇ ਵਿਕਾਸ ਲਈ ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਂਗ ਇਸ ਸੂਬੇ ਵਿੱਚ ਵੀ ਬਦਲਾਅ ਦੀ ਹਵਾ ਚੱਲ ਰਹੀ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਗੁਜਰਾਤ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਉੱਚ ਪੱਧਰੀ ਸਿਹਤ ਪ੍ਰਣਾਲੀ ਅਤੇ ਸਕੂਲ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ‘ਅੱਛੇ ਦਿਨ’ ਅਜੇ ਵੀ ਇੱਕ ਭੁਲੇਖਾ ਹੈ ਪਰ ‘ਆਪ’ ਦੀ ਗੁਜਰਾਤ ਵਿੱਚ ਇਮਾਨਦਾਰ ਸਰਕਾਰ ਬਣਨ ਤੋਂ ਬਾਅਦ ‘ਸੱਚੇ ਦਿਨ’ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਗੁਜਰਾਤ ਵਿੱਚ ਵਿਕਾਸਮੁਖੀ ਸਰਕਾਰ ਆਵੇਗੀ।