ਇਮਤਿਹਾਨਾਂ ਮੌਕੇ ਲਾਊਡ ਸਪੀਕਰਾਂ ਤੋਂ ਪਰੇਸ਼ਾਨ ਹਨ ਵਿਦਿਆਰਥੀ
ਚੰਡੀਗੜ੍ਹ, 3 ਮਾਰਚ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਮਤਿਹਾਨਾਂ ‘ਚ ਰੁੱਝੇ ਵਿਦਿਆਰਥੀਆਂ ਨੂੰ ਲਾਊਡ-ਸਪੀਕਰਾਂ ਦੇ ਰੋਲ਼ੇ-ਰੱਪੇ ਕਾਰਨ ਹੋ ਰਹੀ ਪਰੇਸ਼ਾਨੀ ਦਾ ਮਾਮਲਾ ਉਠਾਇਆ ਹੈ। ‘ਆਪ’ ਆਗੂ ਨੇ ਮੰਗ ਕੀਤੀ ਕਿ ਪੇਪਰਾਂ ਦੇ ਮੱਦੇਨਜ਼ਰ ਪੰਜਾਬ ਅੰਦਰ ਵਿਆਹਾਂ-ਸ਼ਾਦੀਆਂ, ਜਗਰਾਤਿਆਂ ਅਤੇ ਧਾਰਮਿਕ ਸਥਾਨਾਂ ਉੱਪਰ ਉੱਚੀ ਆਵਾਜ਼ ‘ਚ ਵੱਜਦੇ ਲਾਊਡ-ਸਪੀਕਰਾਂ ਨੂੰ ਸ਼ਾਂਤ ਕਰਵਾਇਆ ਜਾਵੇ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਅਮਨ ਅਰੋੜਾ ਨੇ 12ਵੀਂ ਜਮਾਤ ਦੇ ਪੇਪਰ ਦੇ ਰਹੀ ਮਨਪ੍ਰੀਤ ਕੌਰ ਵੱਲੋਂ ਸੁਣਾਏ ਗਏ ਦਰਦ ਨੂੰ ਇੱਕ ਭਾਵਕ ਚਿੱਠੀ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਾਂਝਾ ਕੀਤਾ ਹੈ। ਮੁੱਖ ਮੰਤਰੀ ਨੂੰ ਦੱਸਿਆ ਕਿ ਬੋਰਡ ਦੀ ਪ੍ਰੀਖਿਆ ਦੇ ਰਹੀ ਮਨਪ੍ਰੀਤ ਕੌਰ ਦਾ ਹਲਕਾ ਵਿਧਾਇਕ ਹੋਣ ਦੇ ਨਾਤੇ ਫ਼ੋਨ ਆਇਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ, ਕਿਉਂਕਿ ਘਰ ਨੇੜੇ ਇੱਕ ਮੈਰਿਜ ਪੈਲੇਸ ‘ਚ ਉੱਚੀ ਆਵਾਜ਼ ‘ਚ ਗੀਤ ਸੰਗੀਤ ਵੱਜਦਾ ਹੈ। ਮੈਰਿਜ ਪੈਲੇਸ ਦਾ ਸ਼ੋਰ-ਸ਼ਰਾਬਾ ਬੰਦ ਨਹੀਂ ਹੁੰਦਾ, ਮੁਹੱਲੇ ‘ਚ ਕਿਤੇ-ਨਾ-ਕਿਤੇ ਪੂਰੀ ਉੱਚੀ ਆਵਾਜ਼ ‘ਚ ਜਾਗਰਨ ਸ਼ੁਰੂ ਹੋ ਜਾਂਦਾ ਹੈ। ਸਵੇਰੇ 5 ਵਜੇ ਤੱਕ ਜਗਰਾਤੇ ਵਾਲਾ ਲਾਊਡ ਸਪੀਕਰ ਬੰਦ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਲਾਊਡ-ਸਪੀਕਰ ਤੋਂ ਉੱਚੀ ਆਵਾਜ਼ ‘ਚ ਪਾਠ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਬੋਰਡ ਦੀ ਪ੍ਰੀਖਿਆ ਦੀ ਸਹੀ ਢੰਗ ਨਾਲ ਤਿਆਰੀ ਨਹੀਂ ਕਰ ਪਾ ਰਹੀ।
ਆਪਣੀ ਚਿੱਠੀ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਰੋ ਰਹੀ ਮਨਪ੍ਰੀਤ ਕੌਰ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ। ਸਕੂਲ ਜਾ ਰਹੇ ਬੱਚਿਆਂ ਦਾ ਪਿਤਾ ਅਤੇ ਲੋਕ ਨੁਮਾਇੰਦੇ ਹੋਣ ਦੇ ਨਾਤੇ ਸਾਰੇ ਵਿਦਿਆਰਥੀਆਂ ਦੀ ਇਸ ਸਾਂਝੀ ਪੀੜਾ ਨੂੰ ਤੁਹਾਡੇ (ਮੁੱਖ ਮੰਤਰੀ) ਨਾਲ ਸਾਂਝਾ ਕਰ ਰਿਹਾ ਹਾਂ ਜੋ ਵਿਦਿਆਰਥੀਆਂ ਦੇ ਸੰਦਰਭ ‘ਚ ਇੱਕ ਅਣਗੌਲਿਆ ਪਰੰਤੂ ਵੱਡਾ ਮੁੱਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਇਹ ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਹਨ ਕਿ ਬਤੌਰ ਸਿਆਸੀ ਆਗੂ ਅਜਿਹਾ ਮੁੱਦੇ ਚੁੱਕਣਾ ਬਹੁਤੀ ਸਿਆਣਪ ਵਾਲਾ ਕਦਮ ਨਹੀਂ ਕਿਉਂਕਿ ਧਾਰਮਿਕ ਸਥਾਨਾਂ ਅਤੇ ਸਮਾਜਿਕ ਸਮਾਗਮਾਂ ਦੀ ਚੱਲੀ ਆ ਰਹੀ ਪਰੰਪਰਾ ਨਾਲ ਜੁੜਿਆ ਇੱਕ ਅਤਿ ਸੰਵੇਦਨਸ਼ੀਲ ਮਸਲਾ ਹੈ, ਪਰੰਤੂ ਨਵੀਂ ਪੀੜੀ ਦੇ ਭਵਿੱਖ ਨਾਲ ਸੰਬੰਧਿਤ ਇਸ ਸਮੱਸਿਆ ਦੇ ਹੱਲ ਲਈ ਉੱਚੀ ਆਵਾਜ਼ ‘ਚ ਵੱਜਦੇ ਲਾਊਡ-ਸਪੀਕਰਾਂ ਦਾ ਮਾਮਲਾ ਬਤੌਰ ਮੁੱਖ ਮੰਤਰੀ ਆਪ ਜੀ ਦੇ ਧਿਆਨ ‘ਚ ਲਿਆਉਣਾ ਜ਼ਰੂਰੀ ਹੈ।
ਅਮਨ ਅਰੋੜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਗੁਰਬਾਣੀ ਦੀ ਤੁਕ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਤਮ ਗਿਆਨ ਅਤੇ ਦਿਆਲੂ ਮਾਨਵਤਾ ਲਈ ਹਰੇਕ ਨੂੰ ਵਿਦਿਆ ਦੀ ਦਾਤ ਬਹੁਤ ਜ਼ਰੂਰੀ ਹੈ।
ਇਸ ਲਈ ਮੁੱਖ ਮੰਤਰੀ ਵਿਦਿਆਰਥੀਆਂ ਨਾਲ ਜੁੜੀ ਇਸ ਸਮੱਸਿਆ ਦੇ ਹੱਲ ਲਈ ਗੁਰਦੁਆਰਿਆਂ, ਮੰਦਰਾਂ, ਜਗਰਾਤਿਆਂ ਅਤੇ ਵਿਆਹਾਂ-ਸ਼ਾਦੀਆਂ ‘ਚ ਉੱਚੀ ਆਵਾਜ਼ ‘ਚ ਵੱਜਦੇ ਲਾਊਡ ਸਪੀਕਰਾਂ ਲਈ ਤੈਅ ਨਿਯਮਾਂ ਅਤੇ ਸਮਾਂ-ਸੀਮਾ ਮੁਤਾਬਿਕ ਘੱਟੋ-ਘੱਟ ਪੇਪਰਾਂ ਦੇ ਦਿਨਾਂ ਤੱਕ ਬਣਦੀ ਪਾਬੰਦੀ ਜ਼ਰੂਰੀ ਲਗਾਉਣ।