ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ: ਸੁਖਬੀਰ ਸਿੰਘ ਬਾਦਲ
ਲੁਧਿਆਣਾ, 22 ਅਕਤੂਬਰ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬਲਵਿੰਦਰ ਕੌਰ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸਟੇਸ਼ਨ ਅਲਾਟ ਨਾ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਆਪਣੇ ਖੁਦਕੁਸ਼ੀ ਨੋਟ ਵਿਚ ਜ਼ਿੰਮੇਵਾਰ ਠਹਿਰਾਇਆ ਹੈ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਕਾਨੂੰਨ ਮੁਤਾਬਕ ਜਿਸ ਕਿਸੇ ਦਾ ਵੀ ਨਾਂ ਖੁਦਕੁਸ਼ੀ ਦੇ ਨੋਟ ਵਿਚ ਹੁੰਦਾ ਹੈ, ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਤਿੰਨ ਵਾਰ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਖਿਆ ਹੈ ਤੇ ਆਡੀਓ ਰਿਕਾਰਡਿੰਗ ਵੱਖਰੇ ਤੌਰ ’ਤੇ ਸਾਹਮਣੇ ਆਈ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ ਨੇ ਵਾਰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੇ ਮੈਂਬਰਾਂ ਦੀ ਮੰਗ ਨੂੰ ਵਾਰ-ਵਾਰ ਅਣਡਿੱਠ ਕੀਤਾ ਹੈ ਜਦੋਂ ਕਿ ਉਹ ਲਗਾਤਾਰ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿਚ ਉਹਨਾਂ ਦੇ ਘਰ ਮੂਹਰੇ ਧਰਨਾ ਦੇ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਖੁਦਕੁਸ਼ੀ ਮਾਮਲੇ ਵਿਚ ਉਹਨਾਂ ਦੀ ਭੂਮਿਕਾ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਹਰਜੋਤ ਬੈਂਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ।
ਗੈਰ ਕਾਨੂੰਨੀ ਸੈਸ਼ਨ ਦੇ ਮਾਮਲੇ ’ਤੇ ਮੁੱਖ ਮੰਤਰੀ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੈਸ਼ਨ ਸਿਰਫ ਇਕ ਡਰਾਮਾ ਸੀ ਤੇ ਉਥੇ ਕੋਈ ਕੰਮਕਾਜ ਨਹੀਂ ਕੀਤਾ ਗਿਆ।
ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਵਿਰੋਧ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਖਾਲਸਾ ਪੰਥ ਨੇ ਆਪ ਲਈ ਵੋਟਾਂ ਪਾਈਆਂ ਤੇ ਹੁਣ ਆਪ ਪੰਥ ਵੇਖ ਕੇ ਕਿਵੇਂ ਆਮ ਆਦਮੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਤੇ ਸੰਗਤ ਦਾ ਫਤਵਾ ਇਸੇ ਨੂੰ ਮਿਲੇਗਾ। ਉਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੇ ਅਖੌਤੀ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ ਜੋ ਲਗਾਤਾਰ ਵਾਪਰ ਰਹੇ ਬੇਅਦਬੀ ਮਾਮਲਿਆਂ ’ਤੇ ਚੁੱਪ ਹਨ ਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਉਹਨਾਂ ਨੇ ਬੇਅਦਬੀ ਵਰਗੇ ਮਾਮਲੇ ’ਤੇ ਸਿਆਸਤ ਕੀਤੀ ਤੇ ਹੁਣ 100 ਤੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਵਾਪਰ ਗਈਆਂ ਹਨ ਪਰ ਉਹ ਚੁੱਪ ਹਨ।
ਨਸ਼ਿਆਂ ਦੇ ਮਾਮਲੇ ’ਤੇ ਆਪ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਵਿਧਾਇਕ ਸੂਬੇ ਵਿਚ ਨਸ਼ਾ ਤਸਕਰੀ ਦੀ ਪੁਸ਼ਤਪਨਾਹੀ ਕਰ ਰਹੇ ਹਨ ਤੇ ਉਹਨਾਂ ਦੇ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਨਸ਼ਾ ਤਸਕਰੀ ਇੰਨੀ ਵੱਧ ਗਈ ਹੈ।
ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਡਰਾਮਾ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਫੇਲ੍ਹ ਮੁੱਖ ਮੰਤਰੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਪਰ ਉਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਡਰਾਮੇਬਾਜ਼ੀ ਹੁਣ ਨਹੀਂ ਚੱਲੇਗੀ।ਪੰਜਾਬੀ ਉਹਨਾਂ ਨੂੰ ਉਹਨਾਂ ਦੇ ਝੂਠ ਤੇ ਅਸਫਲਤਾਵਾਂ ਦਾ ਠੋਕਵਾਂ ਜਵਾਬ ਦੇਣਗੇ।
ਲੁਧਿਆਣਾ ਦੌਰੇ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨਯੂਫੈਕਚਰਾਰ ਐਸੋਸੀਏਸ਼ਨ ਦੇ ਦਫਤਰ ਵੀ ਗਏ ਤੇ ਨਵੀਂ ਟੀਮ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਭੁਪਿੰਦਰ ਸਿੰਘ ਭਿੰਦਾ, ਸਰਦਾਰ ਹੀਰਾ ਸਿੰਘ ਗਾਬੜੀਆ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸ੍ਰੀ ਐਨ ਕੇ ਸ਼ਰਮਾ, ਸਰਦਾਰ ਰਣਜੀਤ ਸਿੰਘ ਢਿੱਲੋਂ, ਸਰਦਾਰ ਪ੍ਰਿਤਪਾਲ ਸਿੰਘ ਪਾਲ, ਸ੍ਰੀ ਆਰ ਡੀ ਸ਼ਰਮਾ, ਸ੍ਰੀ ਹਰੀਸ਼ ਰਾਏ ਢਾਂਡਾ, ਸਰਦਾਰ ਗੁਰਮੀਤ ਸਿੰਘ ਕੁਲਾਰ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।