ਅਕਾਲੀ ਦਲ ਵਿਧਾਨ ਸਭਾ ਵਿਚ ਕਾਲੇ ਚੋਲੇ ਪਾਉਣ ਦੀ ਬਜਾਏ ਕੇਂਦਰ ਤੇ ਬਣਾਏ ਦਬਾਅ : ਸੁਨੀਲ ਜਾਖੜ

165
Advertisement
– ਅਕਾਲੀ ਸਾਂਸਦਾਂ ਨੂੰ ਲੋਕ ਸਭਾ ਵਿਚ ਕਾਲੇ ਚੋਲੇ ਪਾ ਕੇ ਜਾਣ ਦੀ ਚੁਣੌਤੀ
– ਖੇਤੀ ਸੰਕਟ ਦੇਸ਼ ਵਿਆਪੀ, ਹੱਲ ਲਈ ਕੇਂਦਰ ਸਰਕਾਰ ਕਰੇ ਉਪਾਅ
– ਕਿਹਾ ਕਿ ਦੇਸ ਭਰ ਵਿਚ ਕਿਸਾਨ ਕਰ ਰਹੇ ਹਨ ਆਤਮ ਹੱਤਿਆਵਾਂ
ਚੰਡੀਗੜ, 22 ਮਾਰਚ (ਵਿਸ਼ਵ ਵਾਰਤਾ)- ਕੇਂਦਰ ਵਿਚ ਸੱਤਾ ਦਾ ਮੋਹ ਤਿਆਗ ਕੇ ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਅਤੇ ਸਦਨ ਵਿਚ ਕਾਲੇ ਚੋਲੇ ਪਾ ਕੇ ਆਉਣ ਦੀ ਬਜਾਏ ਆਪਣੇ ਸੂਬੇ ਦੇ ਹਿੱਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਦਬਾਅ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਗੱਲ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇਕ ਪ੍ਰੈਸ ਬਿਆਨ ਵਿਚ ਆਖੀ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਕਿਸਾਨਾਂ ਦੇ ਕਰਜੇ ਮਾਫ ਕਰਨ ਦੇ ਨਾਲ ਨਾਲ ਸੂਬੇ ਨੂੰ ਆਰਥਿਕ ਤੌਰ ਤੇ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹੈ ਦੂਜੇ ਪਾਸੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਕਿਸਾਨ ਹਿੱਤ ਲਈ ਕੁਝ ਨਹੀਂ ਕਰ ਰਹੀ ਹੈ। ਅਜਿਹੇ ਵਿਚ ਕੇਂਦਰ ਵਿਚ ਮੋਦੀ ਸਰਕਾਰ ਦੇ ਭਾਗੀਦਾਰ ਅਕਾਲੀ ਦਲ ਨੂੰ ਸੱਚ ਦੇ ਹੱਕ ਵਿਚ ਖੜਨ ਦੀ ਸਲਾਹ ਦਿੰਦਿਆਂ ਸ੍ਰੀ ਜਾਖੜ ਨੇ ਅਕਾਲੀ ਆਗੂਆਂ ਨੂੰ ਪੁੱਛਿਆ ਕਿ ਜਦ ਉਨਾਂ ਦੀ ਸੂਬੇ ਵਿਚ 10 ਸਾਲ ਤੱਕ ਸਰਕਾਰ ਰਹੀ ਤਾਂ ਉਨਾਂ ਨੇ ਕਿੰਨੇ ਕਿਸਾਨਾਂ ਦੇ ਕਰਜੇ ਮਾਫ ਕੀਤੇ ਸਨ ਅਤੇ ਹੁਣ ਜਦ ਕੇਂਦਰ ਦੀ ਮੋਦੀ ਸਰਕਾਰ ਵਿਚ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ ਤਾਂ ਉਸ ਐਨ.ਡੀ.ਏ. ਸਰਕਾਰ ਦੀ ਕਿਸਾਨ ਹਿੱਤ ਵਿਚ ਕੀ ਪ੍ਰਾਪਤੀ ਰਹੀ ਹੈ। ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਚ ਇਕ ਮੰਤਰੀ ਅਹੁਦੇ ਦੇ ਲਾਲਚ ਵਿਚ ਕਿਸਾਨੀ ਹਿੱਤ ਮੋਦੀ ਸਰਕਾਰ ਕੋਲ ਗਹਿਣੇ ਕਰ ਛੱਡੇ ਹਨ ਅਤੇ ਪੰਜਾਬ ਵਿਚ ਆਪਣੀ ਸ਼ਾਖ ਬਹਾਲੀ ਦੀ ਨਾਕਾਮ ਕੋਸ਼ਿਸ ਵਜੋਂ ਕਾਲੇ ਚੋਲੇ ਪਾ ਰਹੇ ਹਨ। ਉਨਾਂ ਕਿਹਾ ਕਿ ਜਦ ਤੇਲਗੂ ਦੇਸ਼ਮ ਪਾਰਟੀ ਆਪਣੇ ਸੂਬੇ ਦੇ ਹਿੱਤਾਂ ਲਈ ਕੇਂਦਰੀ ਸਰਕਾਰ ਵਿਚੋਂ ਦੋ ਮੰਤਰੀ ਅਹੁਦੇ ਛੱਡ ਸਕਦੀ ਹੈ ਤਾਂ ਅਕਾਲੀ ਦਲ ਆਪਣੇ ਸੂਬੇ ਲਈ ਇਕ ਮੰਤਰੀ ਅਹੁਦੇ ਦਾ ਵੀ ਤਿਆਗਣ ਦੀ ਹਿੰਮਤ ਕਿਉਂ  ਨਹੀਂ ਕਰ ਰਿਹਾ ਹੈ।
ਸ੍ਰੀ ਜਾਖੜ ਨੇ ਅਕਾਲੀ ਦਲ ਦੇ ਆਗੂਆਂ ਨੂੰ ਕਿਹਾ ਕਿ ਉਸਦੇ ਵਿਧਾਇਕ ਆਪਣੀ ਵਿਧਾਨ ਸਭਾ ਵਿਚ ਤਾਂ ਕਾਲੇ ਚੋਲੇ ਪਾ ਕੇ ਆਉਣਾ ਚਾਹੁੰਦੇ ਹਨ ਪਰ ਉਸਦੇ ਸਾਂਸਦ ਵੀ ਕਦੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਦਹਾਲੀ ਦੀ ਵਿਅਥਾ ਦੱਸਣ ਲਈ ਸੰਸਦ ਵਿਚ ਕਾਲੇ ਚੋਲੇ ਪਾ ਕੇ ਜਾਣ ਦੀ ਹਿੰਮਤ ਵਿਖਾਉਣ। ਸ੍ਰੀ ਜਾਖੜ ਨੇ ਲੋਕ ਸਭਾ ਵਿਚ ਪੁੱਛੇ ਇਕ ਸਵਾਲ ਦਾ ਜਵਾਬ ਵਿਚ ਕੇਂਦਰੀ ਖੇਤੀ  ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਪੁਰਸੋਤਮ ਰੁਪਾਲਾ ਵੱਲੋਂ ਦਿੱਤੇ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਦੇਸ਼ ਦੇ ਸਾਰੇ ਸੂਬਿਆਂ ਵਿਚ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਦੇਸ਼ ਦੇ ਕਿਸਾਨ ਦੀ ਹਾਲਤ ਤਰਸਯੋਗ ਹੈ। ਅਜਿਹੇ ਵਿਚ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਪਰਜਾ ਪਾਲਕ ਕਿਸਾਨ ਨੂੰ ਇਸ ਸੰਕਟ ਵਿਚ ਕੱਢਣ ਲਈ ਕੋਈ ਨੀਤੀ ਲੈ ਕੇ ਆਵੇ। ਉਨਾਂ ਕਿਹਾ ਕਿ  ਲੋਕ ਸਭਾ ਵਿਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਅਧਰਾਧ ਰਿਕਾਰਡ ਬਿਓਰੋ ਦੇ ਹਵਾਲੇ ਨਾਲ ਦਿੱਤੇ ਆਂਕੜਿਆਂ ਅਨੁਸਾਰ ਸਾਲ 2014 ਦੌਰਾਨ 12360, ਸਾਲ 2015 ਦੌਰਾਨ 12602 ਅਤੇ ਸਾਲ 2016 ਦੌਰਾਨ 11370 ਕਿਸਾਨਾਂ ਅਤੇ ਖੇਤ ਮਜਦੂਰਾਂ ਨੇ ਆਤਮਹੱਤਿਆਵਾਂ ਕੀਤੀਆਂ ਹਨ। ਉਨਾਂ ਨੇ ਕਿਹਾ ਕਿ ਖੇਤੀ ਸਕੰਟ ਦੇਸ਼ ਵਿਆਪੀ ਹੈ ਅਤੇ ਇਸ ਦੇ ਹੱਲ ਲਈ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਜਾਖੜ ਨੇ ਕਿਹਾ ਮਹਾਰਾਸ਼ਟਰ ਅਤੇ ਗੁਜਰਾਤ ਰਾਜ ਵਿਚ ਵੀ ਕਿਸਾਨ ਆਤਮਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਮਹਾਰਾਸ਼ਟਰ ਵਿਚ 2014 ਤੋਂ 2016 ਤੱਕ 11956 ਅਤੇ ਗੁਜਰਾਤ ਵਿਚ ਇਸੇ ਸਮੇਂ ਦੌਰਾਨ 1309 ਅਤੇ ਮੱਧ ਪ੍ਰਦੇਸ਼ ਵਿਚ 3809 ਕਿਸਾਨ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਹੋਈਆਂ ਹਨ। ਇਸੇ ਤਰਾਂ ਇੰਨਾਂ ਤਿੰਨਾਂ ਸਾਲਾਂ ਵਿਚ ਪੰਜਾਬ ਵਿਚ 459 ਕਿਸਾਨ ਖੁਦਕੁਸ਼ੀਆਂ ਹੋਣ ਦੀ ਗੱਲ ਕੇਂਦਰੀ ਮੰਤਰੀ ਨੇ ਦਿੱਤੀ ਹੈ।
ਉਨਾਂ ਕਿਹਾ ਕਿ ਐਨ.ਡੀ.ਏ. ਸਰਕਾਰ ਜਾਣਬੁਝ ਕੇ ਆਪਣੇ ਭਾਈਵਾਲਾਂ ਰਾਹੀਂ ਸਦਨ ਦੀ ਕਾਰਵਾਈ ਠੱਪ ਕਰਵਾ ਰਿਹਾ ਹੈ ਤਾਂ ਜੋ ਵਿਰੋਧੀ ਧਿਰ ਸਦਨ ਵਿਚ ਸਰਕਾਰ ਦੀ ਜਵਾਬਦੇਹੀ ਤੈਅ ਨਾ ਕਰ ਸਕੇ।
ਨਾਲ ਹੀ ਉਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਂਅ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਨੂੰ ਵੀ ਇਸ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਤੋਂ ਉਪਰ ਉਠ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਕਿਸਾਨੀ ਕਰਜੇ ਮਾਫੀ ਲਈ ਰਾਜਾਂ ਦੀ ਮਦਦ ਕਰੇ।
Advertisement

LEAVE A REPLY

Please enter your comment!
Please enter your name here