ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) – ਯੂਥ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੀ ਤੁਰੰਤ ਗਿਰਫਤਾਰੀ ਲਈ ਆਪਣੀ ਮੁਹਿੰਮ ਨੂੰ ਤਿੱਖਾ ਕਰਦਿਆਂ ਸਾਰੇ ਜ਼ਿਲ੍ਹਾਂ ਹੈਡਕੁਆਟਰਾਂ ਵਿਚ ਸੁਖਪਾਲ ਖਹਿਰਾ ਖਿਲਾਫ ਧਰਨਾ ਲਾਇਆ ਅਤੇ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਨਸ਼ਾ ਤਸਕਰੀ ਕੇਸ ਵਿਚ ਦੋਸ਼ੀ ਵਜੋਂ ਤਲਬ ਕੀਤੇ ਇਸ ਆਪ ਆਗੂ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ।
ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਅੱਜ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਰੋਪੜ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕੋ ਸਮੇਂ ਧਰਨਾ ਦਿੰਦਿਆਂ ਸੁਖਪਾਲ ਖਹਿਰਾ ਦੇ ਪੁਤਲੇ ਸਾੜੇ। ਉਹਨਾਂ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਇੱਕ ਅਜਿਹੇ ਵਿਅਕਤੀ ਦੇ ਹਮਾਇਤੀ ਕਿਉਂ ਬਣੇ ਹਨ, ਜਿਹੜਾ ਕਿ ਇੱਕ ਨਸ਼ਾ ਤਸਕਰ ਦੀ ਮੱਦਦ ਕਰਦਾ ਸੀ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕਰਨਾ ਚਾਹੀਦਾ ਹੈ ਅਤੇ ਸੁਖਪਾਲ ਖਹਿਰਾ ਨੂੰ ਤੁਰੰਤ ਗਿਰਫਤਾਰ ਕਰਨਾ ਚਾਹੀਦਾ ਹੈ।
ਆਪ ਲੀਡਰਸ਼ਿਪ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹਦਿਆਂ ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਫਾਇਦਾ ਲੈਣ ਲਈ ਆਪ ਲੀਡਰਸ਼ਿਪ ਨਸ਼ਿਆਂ ਖਿਲਾਫ ਕੋਈ ਸਮਝੌਤਾ ਨਾ ਕਰਨ ਦੇ ਦਾਅਵੇ ਕਰਦਿਆਂ ਬਹੁਤ ਰੌਲਾ ਪਾ ਰਹੀ ਸੀ। ਪਰ ਹੁਣ ਜਦੋਂ ਇਸ ਦਾ ਆਪਣਾ ਆਗੂ, ਜੋ ਕਿ ਬਦਕਿਸਮਤੀ ਨਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਵੀ ਆਗੂ ਹੈ, ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਜ਼ਿਲ੍ਹਾ ਅਦਾਲਤ ਵੱਲੋਂ ਤਲਬ ਕੀਤਾ ਗਿਆ ਹੈ ਤਾਂ ਆਪ ਲੀਡਰਸ਼ਿਪ ਨੇ ਇਸ ਸੰਵੇਦਨਸ਼ੀਲ ਮਸਲੇ ਉੱਤੇ ਸਾਜ਼ਿਸ਼ੀ ਚੁੱਪ ਧਾਰ ਲਈ ਹੈ।