ਮੋਰਿੰਡਾ,7 ਅਪ੍ਰੈਲ (ਅੰਕੁਰ ਤਾਂਗੜੀ) ਇਲਾਕੇ ਵਿੱਚ ਕਰਫਿਊ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲੀਸ ਨੇ ਸਖ਼ਤੀ ਕਰ ਦਿੱਤੀ ਹੈ। ਮੋਰਿੰਡਾ ਪੁਲਿਸ ਨੇ ਦੱਸਿਆ ਕਿ ਮੋਰਿੰਡਾ ਦੇ ਵੇਰਕਾ ਚੌਕ ਤੋਂ ਮੋਰਿੰਡਾ-ਕੁਰਾਲੀ ਰੋਡ ਨੂੰ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਹੈ। ਪਿੰਡ ਚਤਾਮਲੀ ਦੇ ਵਿਅਕਤੀ (ਸਰਪੰਚ ) ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਉਣ ਦੇ ਕਾਰਨ ਨਾਲ ਲੱਗਦੇ ਕਈ ਪਿੰਡਾਂ ਦੇ ਲੋਕਾਂ ਨੂੰ ਕਰਫਿਊ ਦੌਰਾਨ ਘਰ ਤੋਂ ਬਿਲਕੁਲ ਬਾਹਰ ਜਾਣ ਦੀ ਮਨਾਹੀ ਕੀਤੀ ਗਈ ਹੈ। ਪੁਲੀਸ ਨੇ ਇਲਾਕੇ ਵਿੱਚ ਚੈਕਿੰਗ ਤੇਜ਼ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈਆਂ ਦਾ ਛਿੜਕਾਓ ਕੀਤਾ ਜਾ ਰਿਹਾ ਹੈ ।
ਕੁਰਾਲੀ ਦੇ ਨੇੜਲੇ ਪਿੰਡ ਚਤਾਮਲੀ ‘ਚ ਪਿੰਡ ਦੇ ਸਰਪੰਚ ਸਣੇ ਉਸ ਦੇ ਪਰਿਵਾਰ ਦੇ ਦੋ ਹੋਰ ਕਰੋਨਾ ਪਾਜ਼ਟਿਵ ਕੇਸ ਮਿਲਣ ਤੋਂ ਬਾਅਦ ਕੁਰਾਲੀ ਤੋਂ ਸਿਵਲ ਹਸਪਤਾਲ ਦੇ ਐਸਐਮਓ ਭੁਪਿੰਦਰ ਸਿੰਘ ਵੱਲੋਂ ਇਲਾਕੇ ਦੇ ਨਿਵਾਸੀਆਂ ਨੂੰ ਕੋਰੋਨਾ ਵਰਗੀਆਂ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ਪਿੰਡ ਦਾ ਜਾਇਜਾ ਲਿਆ ਗਿਆ। ਐਸਐਮਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪਿੰਡਾਂ ਚਤਾਮਲੀ ਦੇ ਨਾਲ ਲੱਗਦੇ ਪਿੰਡਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਅਤੇ ਡਾਟਾ ਇਕੱਠਾ ਕਰ ਰਹੇ ਹਾਂ ਕਿ ਪਿੰਡ ਦਾ ਸਰਪੰਚ ਕਿਹੜੇ ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਨੇ ਪਿੰਡ ਦੇ ਮੈਡੀਕਲ ਸਟੋਰ ਤੋਂ ਬੀਪੀ ਚੈੱਕ ਕਰਵਾਇਆ ਸੀ ਅਤੇ ਇਕ ਹਸਪਤਾਲ ਵਿਚ ਸਿਹਤ ਚੈਕਿੰਗ ਲਈ ਗਿਆ ਸੀ, ਜਿਸ ਕਾਰਣ ਹਸਪਤਾਲ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਹੈ।
ਜਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਿੰਨ ਕੇਸ ਪਾਜ਼ਟਿਵ ਆ ਚੁੱਕੇ ਹਨ। ਚਤਾਮਲੀ ਵਿੱਚ 55 ਸਾਲ ਦੇ ਵਿਅਕਤੀ ਦੇ ਕੋਰੋਨਾ ਪਾਜ਼ਟਿਵ ਆਉਣ ਦੇ ਬਾਅਦ ਸਿਹਤ ਵਿਭਾਗ ਨੇ ਮਰੀਜ ਦੇ ਸੰਪਰਕ ਵਿੱਚ ਆਏ 17 ਲੋਕਾਂ ਦੇ ਸੈਂਪਲ ਲਏ ਸਨ। ਇਹਨਾਂ ਵਿਚੋਂ 15 ਸੈਂਪਲਾਂ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ ਅਤੇ ਬਾਕੀ ਬਚੇ ਦੋ ਸੈਂਪਲਾਂ ਵਿੱਚ ਮਰੀਜ ਦੀ ਪਤਨੀ ਅਤੇ ਬੇਟੇ ਦੇ ਸੈਂਪਲ ਪਾਜ਼ਟਿਵ ਪਾਏ ਗਏ ਹਨ।