ਜੈਤੋ/ਚੰਡੀਗੜ੍ਹ, 21 ਫਰਵਰੀ (ਰਘੂਨੰਦਨ ਪਰਾਸ਼ਰ/ਵਿਸ਼ਵ ਵਾਰਤਾ) – ਦੇਸ਼ ਦੇ ਵੱਖ-ਵੱਖ ਸੂਬਿਆਂ ਵਾਂਗ ਅੱਜ ਪੰਜਾਬ ਭਰ ਵਿਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ, ਖੁਸ਼ੀਆਂ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਸ਼ਿਵ ਮੰਦਰਾਂ ਵਿਚ ਸਵੇਰ ਤੋਂ ਹੀ ਜਲ ਚੜਾਉਣ ਵਾਲੇ ਭਗਤਾਂ ਦੀ ਭੀੜ ਲੱਗਣੀ ਸੁਰੂ ਹੋ ਗਈ ਸੀ। ਸ਼ਰਧਾਲੂਆਂ ਨੇ ਦੇਵਾਂ ਦੇ ਦੇਵ ਭਗਵਾਨ ਸ਼ਿਵ ਉਤੇ ਵਿਧੀਪੂਰਵਕ ਜਲਾਭਿਸ਼ੇਕ ਕਰਕੇ ਬੇਲ ਪੁੱਤਰ, ਦੁੱਧ, ਫੁੱਲ, ਚੌਲ, ਗੁੜ, ਧਤੁਰਾਂ, ਸ਼ਹਿਦ ਆਦਿ ਚੜਾ ਕੇ ਪੂਜਾ ਅਰਚਨਾ ਕੀਤੀ ਅਤੇ ਆਪਣੀਆਂ ਮਨੌਤੀਆਂ ਮੰਗੀਆਂ।
ਮੰਦਿਰਾਂ ਵਿਚ ਭਜਨ ਕੀਰਤਨ ਦੇ ਨਾਲ-ਨਾਲ ਸ਼ਿਵ ਚਾਲੀਸਾ ਅਤੇ ਸ਼ਿਵ ਪੁਰਾਣਾਂ ਦੇ ਪਾਠ ਵੀ ਹੋਏ। ਬੀਤੀ ਸ਼ਾਮ ਵੱਖ-ਵੱਖ ਸ਼ਹਿਰਾਂ ਵਿਚ ਹਰਿਦੁਆਰ ਤੋਂ ਪੈਦਲ ਗੰਗਾ ਜਲ (ਕਾਂਵੜ) ਲੈ ਕੇ ਪੁੱਜੇ। ਇਹਨਾਂ ਕਾਂਵੜਿਆਂ ਨੇ ਤੜਕ ਸਵੇਰ ਕਾਂਵੜ ਸ਼ਿਵਲਿੰਗ ਉਤੇ ਅਰਪਿਤ ਕੀਤਾ। ਅੱਜ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਵਰਤ ਵੀ ਰੱਖਿਆ।