ਪਿੰਡ ਮੌਲੀ ਬੈਦਵਾਣ ਦੇ ਸਰਕਾਰੀ ਹਾਈ ਸਕੂਲ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ
ਐਸ.ਏ.ਐਸ. ਨਗਰ, 13 ਦਸੰਬਰ (ਡਾ. ਦੀਪਕ ਸਿੰਗਲਾ, ਵਿਸ਼ਵ ਵਾਰਤਾ) – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਸ਼ਰੇਆਮ ਫਿਰਕੂ ਲੀਹਾਂ ਉਤੇ ਵੰਡ ਰਹੀ ਹੈ, ਜਿਸ ਦੀ ਤਾਜ਼ਾ ਤੇ ਉੱਘੜਵੀਂ ਮਿਸਾਲ ਹੈ ਨਾਗਰਿਕਤਾ ਸੋਧ ਕਾਨੂੰਨ। ਇਸ ਕਾਨੂੰਨ ਤਹਿਤ ਦੂਜੇ ਦੇਸ਼ਾਂ ਤੋਂ ਆਏ ਗ਼ੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਇਜਾਜ਼ਤ ਹੈ।
ਸ. ਸਿੱਧੂ ਨੇ ਕਿਹਾ ਕਿ ਜੇ ਨਾਗਰਿਕਤਾ ਦੇਣੀ ਹੈ ਤਾਂ ਇਸ ਨੂੰ ਧਰਮ ਦੇ ਆਧਾਰ ਉਤੇ ਨਾ ਦੇਖਿਆ ਜਾਵੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਮੁਲਕ ਦੇ ਫਿਰਕੂ ਤਾਣੇ-ਬਾਣੇ ਨੂੰ ਤੋੜ-ਮਰੋੜ ਰਹੀ ਹੈ, ਜਿਸ ਦਾ ਪੂਰੇ ਦੇਸ਼ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਕੋਲ ਆਰਥਿਕ ਫਰੰਟ ਉਤੇ ਦਿਖਾਉਣ ਲਈ ਕੋਈ ਜ਼ਿਕਰਯੋਗ ਪ੍ਰਾਪਤੀ ਨਹੀਂ ਹੈ। ਆਰਥਿਕ ਵਿਕਾਸ ਦਰ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ। ਹੁਣ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ। ਉਨਾਂ ਲੋਕਾਂ ਨੂੰ ਭਾਜਪਾ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇੱਥੇ ਪਿੰਡ ਮੌਲੀ ਬੈਦਵਾਣ ਦੇ ਸਰਕਾਰੀ ਹਾਈ ਸਕੂਲ ਵਿੱਚ ਹੋਏ ਸਮਾਗਮ ਦੌਰਾਨ ਸਮਾਰਟ ਸਕੂਲ ਸਕੀਮ ਤਹਿਤ ਕਮਰਾ ਬਣਾਉਣ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸੀਮਤ ਸਰੋਤਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਰਾਜ ਵਿੱਚ ਵਿਕਾਸ ਕਾਰਜਾਂ ਵਿੱਚ ਕਿਤੇ ਵੀ ਕੋਈ ਖੜੋਤ ਨਹੀਂ ਆਉਣ ਦਿੱਤੀ। ਉਨਾਂ ਕਿਹਾ ਕਿ ਉਹ ਇਸ ਪਿੰਡ ਲਈ ਹੁਣ ਤੱਕ 55 ਲੱਖ ਰੁਪਏ ਦੀ ਗਰਾਂਟ ਦੇ ਚੁੱਕੇ ਹਨ। ਉਨਾਂ ਪਿੰਡ ਵਾਸੀਆਂ ਦੀ ਮੰਗ ਉਤੇ ਸਕੂਲ ਨੂੰ ਬਾਰਵੀਂ ਤੱਕ ਅਪਗ੍ਰੇਡ ਕਰਵਾਉਣ ਦਾ ਵੀ ਭਰੋਸਾ ਦਿੱਤਾ ਅਤੇ ਕਬਰਿਸਤਾਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪਿੰਡ ਦੇ ਪਰਵਾਸੀ ਭਾਰਤੀ ਉਮਰਾਓ ਸਿੰਘ ਬੈਦਵਾਣ ਨੇ ਸਕੂਲ ਵਾਸਤੇ ਇਕ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਡਿਪਟੀ ਡੀ.ਈ.ਓ. ਰਵਿੰਦਰ ਕੌਰ, ਸਕੂਲ ਦੇ ਮੁੱਖ ਅਧਿਆਪਕ ਸੰਜੀਵ ਕੁਮਾਰ, ਭਗਤ ਸਿੰਘ ਨਾਮਧਾਰੀ, ਸਰਪੰਚ ਬਾਲਿਸ਼ਨ ਗੋਇਲ, ਬੀ.ਡੀ.ਪੀ.ਓ. ਹਿਤੇਨ ਕਪਿਲਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਰਾਜਾ ਪੰਚ, ਗੁਰਬਾਜ਼ ਸਿੰਘ ਪੰਚ, ਜਸਵੰਤ ਸਿੰਘ ਪੰਚ, ਇੰਦਰਜੀਤ ਕੌਸ਼ਿਕ ਪੰਚ, ਭਰਪੂਰ ਸਿੰਘ ਪੰਚ, ਕੰਵਲਜੀਤ ਸਿੰਘ ਪੰਚ, ਹਮੀਰ ਸਿੰਘ ਪੰਚ, ਬੰਤ ਸਿੰਘ ਸਾਬਕਾ ਸਰਪੰਚ, ਗੁਰਧਿਆਨ ਸਿੰਘ ਦੁਰਾਲੀ ਅਤੇ ਪੰਡਤ ਸ਼ਿਵਰਾਜ ਹਾਜ਼ਰ ਸਨ।
ਕੈਪਸ਼ਨ: ਪਿੰਡ ਮੌਲੀ ਬੈਦਵਾਣ ਦੇ ਸਰਕਾਰੀ ਹਾਈ ਸਕੂਲ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...