ਕਿਸਾਨ ਜਥੇਬੰਦੀ ਨੇ ਡੀ.ਸੀ. ਦੇ ਘਰ ਅੱਗੇ ਧਰਨੇ ਲਾਉਣ ਦਾ ਕੀਤਾ ਫੈਸਲਾ
ਮਾਨਸਾ, 11 ਦਸੰਬਰ (ਵਿਸ਼ਵ ਵਾਰਤਾ)- ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਹੁਣ ਲੋਕਾਂ ਦੀ ਹੱਕ-ਸੱਚ ਦੀ ਅਵਾਜ਼ ਨੂੰ ਰੋਕਣ ਲਈ ਵੀ ਅਣ ਐਲਾਨੀਆ ਪਾਬੰਧੀਆਂ ਲਗਾਉਣ ਲੱਗਿਆ ਹੈ। ਡਿਪਟੀ ਕਮਿਸ਼ਨਰ ਦਫਤਰ ਅੱਗੇ ਪਹਿਲਾਂ ਜਿਥੇ ਮੰਗਾਂ ਮਸਲਿਆਂ ਨੂੰ ਲੈਕੇ ਧਰਨੇ,ਮੁਜ਼ਾਹਰੇ ਹੁੰਦੇ ਸਨ, ਹੁਣ ਉਸ ਨੂੰ ਚਾਰ ਚਫੇਰਿਓ ਪੱਕੀਆਂ ਉਸਾਰੀਆਂ ਨਾਲ ਰੋਕ ਦਿੱਤਾ ਹੈ ਅਤੇ ਉਸ ਥਾਂ ਉੱਪਰ ਨਗਰ ਕੌਂਸਲ ਮਾਨਸਾ ਦਾ ਕੂੜਾ ਕਰਕਟ ਦਾ ਦਫਤਰ ਬਣਾ ਦਿੱਤਾ ਗਿਆ ਅਤੇ ਦੂਜੇ ਬੰਨੇ ਰਸਤੇ ’ਚ ਤਿੰਨ ਵੱਡੇ ਲੋਹੇ ਦੇ ਗੇਟ ਜੜ੍ਹ ਦਿੱਤੇ ਹਨ। ਇਸ ਕਾਰਨ ਜਿਥੇ ਹੱਕ ਮੰਗਣ ਵਾਲੀਆਂ ਜਥੇਬੰਦੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਅੱਕੇ ਹੋਏ ਧਰਨਾਕਾਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜਾਂਦੇ ਰਾਹਾਂ ਤੇ ਬੈਠਣ ਲਈ ਮਜਬੂਰ ਹੋ ਜਾਂਦੇ ਹਨ ਤਾਂ ਦਫਤਰਾਂ ਅਤੇ ਕਚਹਿਰੀ ਜਾਣ ਵਾਲੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ।
ਆਗੂਆਂ ਦਾ ਕਹਿਣਾ ਹੈ ਕਿ ਧਰਨਾ ਵਾਲੀ ਥਾਂ ਪਿਛਲੇ 8,9 ਸਾਲ ਪਹਿਲਾ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਅਮਿਤ ਢਾਕਾ ਵੱਲੋਂ ਨਿਸ਼ਚਿਤ ਕੀਤੀ ਗਈ ਸੀ,ਜਿਸ ਥਾਂ ਉੱਤੇ ਹੁਣ ਚਾਰ ਚਫੇਰਿਓ ਘੇਰਾ ਬੰਦੀ ਕਰ ਦਿੱਤੀ ਗਈ, ਜਿਸ ਕਾਰਨ ਅਧਿਆਪਕ,ਕਿਸਾਨ,ਮਜਦੂਰ,ਮੁਲਾਜ਼ਮ ਧਿਰਾ ਵਿੱਚ ਰੋਸ ਫੈਲਣ ਲੱਗਿਆ ਹੈ।
ਉਧਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਭਰਾਤਰੀ ਜਥੇਬੰਦੀਆਂ ਇੱਕਜੁੱਟ ਹੋਣ ਲੱਗੀਆ ਹਨ। ਉਨ੍ਹਾਂ ਗਿਲਾ ਜ਼ਾਹਿਰ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਹੱਕੀ ਮਸਲੇ ਤਾਂ ਕੀ ਨਿਬੇੜਨੇ ਸਨ, ਸਗੋ ਹੱਕ-ਸੱਚ ਦੀ ਅਵਾਜ਼ ਨੂੰ ਰੋਕਣ ਲਈ ਧਰਨੇ ਵਾਲੇ ਥਾਵਾਂ ਨੂੰ ਖੋਹਿਆ ਜਾ ਰਿਹਾ,ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ,ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਬਣਦੀ ਥਾਂ ਨਾ ਦਿੱਤੀ ਗਈ ਤਾਂ ਉਹ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ ਧਰਨੇ,ਮੁਜ਼ਾਹਰੇ ਦੇਣ ਨੂੰ ਮਜਬੂਰ ਹੋਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਭੈਣੀ ਨੇ ਕਿਹਾ ਕਿ ਲੋਕਾਂ ਦੇ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਨਾ ਹਰ ਇੱਕ ਜਥੇਬੰਦੀ ਨੂੰ ਸੰਵਿਧਾਨਿਕ ਹੱਕ ਹੈ, ਇਸ ਸਬੰਧੀ ਲੋੜੀਦੇ ਬੰਦੋਬਸਤ ਕਰਨਾ ਵੀ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ।
ਅਧਿਆਪਕ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਦਾ ਕਹਿਣਾ ਹੈ ਕਿ ਇਸ ਅਣ ਐਲਾਨੀ ਪਾਬੰਧੀ ਨੂੰ ਕਿਸੇ ਵੀ ਸੂਰਤ ਬਰਦਾਸ਼ਤ ਨਹੀ ਕੀਤਾ ਜਾਵੇਗਾ। ਡੋਮੋਕਰੇਟਿਕ ਇਮਪਲਾਈਜ਼ ਫਰੰਟ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਨੱਤ, ਡੀ. ਟੀ. ਐਫ. ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ, ਗੋਰਮਿੰਟ ਟੀਚਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ, ਅਧਿਆਪਕ ਦਲ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ ,ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਬੁਲਾਰੇ ਹਰਦੀਪ ਸਿੱਧੂ ਨੇ ਜਿਲ੍ਹਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਲੋਕ ਸੱਚ ਅਵਾਜ਼ ਨੂੰ ਬੁਲੰਦ ਕਰਨ ਲਈ ਲੋੜੀਦੀ ਥਾਂ ਤਰੁੰਤ ਤਹਿ ਕੀਤੀ ਜਾਵੇ, ਨਹੀ ਸਮੂਹ ਧਿਰਾਂ ਇੱਕ ਜੁੱਟ ਹੋਕੇ ਡਿਪਟੀ ਕਮਿਸ਼ਨਰ ਦੀ ਕੋਠੀ ਵਿੱਚ ਧਰਨੇ ਕੀਤੇ ਜਾਣਗੇ।