ਚੰਡੀਗੜ੍ਹ, 18 ਨਵੰਬਰ – ਸੰਗਰੂਰ ਦੇ ਪਿੰਡ ਚੰਗਾਲੀ ਵਾਲਾ ਵਿਖੇ ਜਗਮੇਲ ਸਿੰਘ ਦੀ ਹੱਤਿਆ ਮਾਮਲੇ ਵਿਚ ਪੀੜਤ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ ਪੰਜਾਬ ਸਰਕਾਰ ਤੇ ਪਰਿਵਾਰ ਵਿਚਾਲੇ 8 ਸ਼ਰਤਾਂ ਨੂੰ ਲੈ ਕੇ ਰਾਜ਼ੀਨਾਮਾ ਹੋ ਗਿਆ।
ਇਹਨਾਂ 8 ਮੰਗਾਂ ਵਿਚ ਪਰਿਵਾਰ ਨੂੰ 20 ਲੱਖ ਰੁਪਏ ਦੇਣਾ, ਪੀੜਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ 7 ਦਿਨਾਂ ਦੇ ਅੰਦਰ ਚਲਾਨ ਪੇਸ਼ ਕਰਨ ਤੇ 3 ਮਹੀਨਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਾ ਵੀ ਸ਼ਾਮਿਲ ਹੈ।
ਇਸ ਤੋਂ ਪਹਿਲਾਂ ਅੱਜ ਪੀੜਤ ਦੀ ਪਤਨੀ ਮਨਜੀਤ ਕੌਰ, ਪਰਿਵਾਰ ਦੇ ਮੈਂਬਰਾਂ ਅਤੇ ਕੁਝ ਹੋਰ ਜਥੰਬੰਦੀਆਂ ਦੇ ਨੁਮਾਇੰਦਿਆਂ ਵਲੋਂ ਕੈਬਨਿਟ ਮੰਤਰੀ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੈ ਇੰਦਰ ਸਿੰਗਲਾ ਤੇ ਕੈਪਟਨ ਸੰਦੀਪ ਸੰਧੂ ਨਾਲ ਮੁੱਖ ਮੰਤਰੀ ਦਫਤਰ ਵਿਖੇ ਮੀਟਿੰਗ ਹੋਈ।