550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਪੰਡਾਲ ਵਿੱਚ ਸ਼ਰਧਾ ਨਾਲ ਪਾਏ ਸ੍ਰੀ ਸਹਿਜ ਪਾਠ ਦੇ ਭੋਗ

71

550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਪੰਡਾਲ ਵਿੱਚ ਸ਼ਰਧਾ ਨਾਲ ਪਾਏ ਸ੍ਰੀ ਸਹਿਜ ਪਾਠ ਦੇ ਭੋਗ

ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ

ਸੂਫ਼ੀ ਗਾਇਕਾ ਹਰਸ਼ਦੀਪ ਨੇ ਵੀ ਲਵਾਈ ਹਾਜ਼ਰੀ

ਚੰਡੀਗੜ/ਸੁਲਤਾਨਪੁਰ (ਕਪੂਰਥਲਾ), 12 ਨਵੰਬਰ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਾਵਨ ਵੇਈਂ ਕੰਢੇ ਸਥਾਪਿਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ 5 ਨਵੰਬਰ ਨੂੰ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ, ਜਿਸ ਦੌਰਾਨ ਸਾਰਾ ਦਿਨ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ।

ਇਸ ਮੌਕੇ ਭਾਈ ਕੰਵਰਪਾਲ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਰਾਗਬੱਧ ਕੀਰਨਤ ਕਰ ਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਮਨੁੱਖਤਾ ਦੇ ਰਹਿਬਰ ਬਾਬਾ ਨਾਨਕ ਵੱਲੋਂ ਰਚਿਤ ਆਰਤੀ ਦਾ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਰਸਭਿੰਨਾ ਕੀਰਤਨ ਕਰ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ।

ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥

ਸ਼ਬਦ ਦਾ ਗਾਇਨ ਕਰ ਕੇ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਸਵੰਤ ਸਿੰਘ ਨੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਬਾਬਾ ਨਾਨਕ ਦੀ ਉਸਤਤ ਵਿੱਚ ਇਕ ਤੋਂ ਬਾਅਦ ਇਕ ਸ਼ਬਦਾਂ ਦਾ ਗਾਇਨ ਕੀਤਾ।  ਸਮਾਗਮ ਦੌਰਾਨ ਜਿਥੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਕੀਰਤਨੀ ਜਥੇ ਨੇ ਰਾਗਬੱਧ ਕੀਰਤਨ ਕਰ ਕੇ ਹਾਜ਼ਰੀ ਲਵਾਈ ਉਥੇ ਦੀਦਾਰ ਸਿੰਘ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ।

ਇਸ ਤੋਂ ਇਲਾਵਾ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਨੇ ਸ਼ਬਦਾਂ ਦਾ ਰਸਭਿੰਨਾ ਕੀਰਤਨ ਕਰ ਕੇ ਗੁਰੂ ਨਾਨਕ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਬਦਾਂ ਦਾ ਰਾਗਬੱਧ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ।