ਚੰਡੀਗੜ੍ਹ/ਗਿੱਦੜਬਾਹਾ, 23 ਅਗਸਤ – ਸੂਬੇ ਵਿਚ ਆਏ ਹੜ੍ਹ ਤੋਂ ਬਾਅਦ ਜਲੰਧਰ, ਰੋਪੜ ਸਮੇਤ ਕਈ ਜਿਲਿਆਂ ਵਿਚ ਲੋਕਾਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਪੜ ਤੇ ਜਲੰਧਰ ਦੇ ਕਈ ਪਿੰਡਾਂ ਵਿਚ ਲੋਕਾਂ ਦੇ ਘਰਾਂ ਵਿਚ ਹੁਣ ਵੀ ਪਾਣੀ ਵੜਿਆ ਹੋਇਆ ਹੈ, ਜਿਸ ਕਾਰਨ ਇਹ ਲੋਕ ਬੇਹੱਦ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ ਵੀ ਉਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ।
ਦੂਸਰੇ ਪਾਸੇ ਇਹਨਾਂ ਲੋਕਾਂ ਦੀ ਮਦਦ ਲਈ ਆਮ ਲੋਕ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜਿਹਨਾਂ ਦੁਆਰਾ ਵੱਖ-ਵੱਖ ਤਰ੍ਹਾਂ ਇਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਇਸ ਦੌਰਾਨ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਪਿਊਰੀ ਤੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਪਿੱਕਅੱਪ ਗੱਡੀ ਰਾਸ਼ਨ ਅਤੇ ਇਕ ਤੂੜੀ ਦਾ ਟਰੱਕ ਰੋਪੜ ਜ਼ਿਲੇ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਦੇ ਐਸ.ਡੀ.ਐਮ. ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਤਹਿਸੀਲਦਾਰ ਗੁਰਮੇਲ ਸਿੰਘ ਨੇ ਇਹ ਸਮੱਗਰੀ ਅੱਜ ਪਿੰਡ ਤੋਂ ਰਵਾਨਾ ਕਰਵਾਈ। ਉਨਾਂ ਨੇ ਦੱਸਿਆ ਕਿ ਇਸ ਵਿਚ 40 ਕੁਇੰਟਲ ਆਟਾ, ਖੰਡ, ਚੌਲ, ਦਾਲਾਂ, ਮਸਾਲੇ, ਨਮਕ, ਚਾਹਪੱਤੀ, ਰਿਫਾਇੰਡ ਆਦਿ ਸਮਾਨ ਭੇਜਿਆ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਟਰੱਕ ਉਪਮੰਡਲ ਵਿਚ ਲੋਕਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਦੀ ਮਦਦ ਲਈ ਭੇਜਿਆ ਗਿਆ ਸੀ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ ਪੀੜਤਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡੀ ਕੁਦਰਤੀ ਆਫਤ ਹੈ ਅਤੇ ਇਸ ਨਾਲ ਜਲੰਧਰ ਤੇ ਰੋਪੜ ਜ਼ਿਲਿਆਂ ਵਿਚ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਐਸ.ਡੀ.ਐਮ. ਨੇ ਪਿੰਡ ਪਿਉਰੀ ਦੇ ਲੋਕਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਿੰਡ ਨੇ ਦੂਜਿਆਂ ਲਈ ਮਿਸ਼ਾਲ ਦਾ ਕੰਮ ਕੀਤਾ ਹੈ।