ਨਰਿੰਦਰ ਮੋਦੀ ਸਰਕਾਰ ਤੋਂ ਲਕੀਰ ਖਿੱਚ ਕੇ ਪੰਜਾਬ ਹਿਤੈਸ਼ੀ ਫ਼ੈਸਲੇ ਕਰਵਾਉਣ ਜਾਂ ਫਿਰ ਭਾਜਪਾ ਨਾਲੋਂ ਨਾਤਾ ਤੋੜਨ ਬਾਦਲ
ਬਾਦਲ ਪਰਿਵਾਰ ‘ਤੇ ਨਿੱਜੀ ਸਿਆਸੀ ਹਿੱਤਾਂ ਲਈ ਪੰਥ ਅਤੇ ਪੰਜਾਬ ਨੂੰ ਤਬਾਹ ਕਰਨ ਦਾ ਲਾਇਆ ਦੋਸ਼
ਚੰਡੀਗੜ੍ਹ 18 ਜੂਨ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਬਾਦਲ ਪਰਿਵਾਰ ‘ਤੇ ਫਿਰ ਤੋਂ ਪੰਥਕ ਡਰਾਮੇਬਾਜ਼ੀ ਕਰਨ ਦਾ ਦੋਸ਼ ਲਗਾਇਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਹਮੇਸ਼ਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਬੇਦਰਦੀ ਨਾਲ ਵਰਤਿਆ ਹੈ ਅਤੇ ਹੁਣ ਵੀ ਵਰਤਣ ਦੀ ਫ਼ਿਰਾਕ ਵਿਚ ਹਨ, ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀਆਂ ਗਿਰਗਿਟੀ ਚਾਲਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
‘ਆਪ’ ਵਿਧਾਇਕ ਨੇ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਜਾਬ ਦਾ ਜੋ ਘਾਣ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਚੇਲੇ ਚਪਟਿਆਂ ਨੇ ਕੀਤਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਬਾਦਲਾਂ ਵੱਲ ਹੋਏ ਇਸ਼ਾਰਿਆਂ ਤੋਂ ਬਾਅਦ ਹੁਣ ਗਿਆਨੀ ਇਕਬਾਲ ਸਿੰਘ ਦੇ ਸਨਸਨੀਖ਼ੇਜ਼ ਖ਼ੁਲਾਸਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੈਸੇ ਅਤੇ ਸੱਤਾ ਲਈ ਬਾਦਲਾਂ ਦਾ ਟੱਬਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਬਲਜਿੰਦਰ ਕੌਰ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ ਨੂੰ ਆਰਥਿਕ, ਧਾਰਮਿਕ ਅਤੇ ਸਮਾਜਿਕ ਪੱਧਰ ‘ਤੇ ਬਰਾਬਰ ਤਬਾਹ ਕੀਤਾ ਹੈ। ਪੰਜਾਬ ਅਤੇ ਪੰਜਾਬੀਆਂ ਦਾ ਰੋਮ-ਰੋਮ ਕਰਜ਼ਾਈ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ। ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੰਜਾਬੀਆਂ ਨੂੰ ਕਦੇ ਪੰਥ ਅਤੇ ਕਦੇ ਪਾਰਟੀ ਦੇ ਨਾਂ ‘ਤੇ ਵੰਡਣ ਅਤੇ ਸਮਾਜਿਕ ਤੌਰ ‘ਤੇ ਤੋੜਨ ਦੀਆਂ ਚਾਲਾਂ ਚਲੀਆਂ, ਮਕਸਦ ਸਿਰਫ਼ ਵੋਟਾਂ ਹਾਸਲ ਕਰਨਾ ਹੀ ਰਿਹਾ।
ਬਲਜਿੰਦਰ ਕੌਰ ਨੇ ਕਿਹਾ ਕਿ ਪੰਥ, ਪੰਜਾਬ, ਪੰਜਾਬ ਦੇ ਪਾਣੀ, ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ 1984 ਦੇ ਭਾਵਨਾਤਮਕ ਨਾਅਰਿਆਂ ਰਾਹੀਂ ਵਾਰ-ਵਾਰ ਸੱਤਾ ਤਾਂ ਭੋਗੀ ਪਰੰਤੂ ਆਪਣੇ ਰਾਜ ਭਾਗ ਦੌਰਾਨ ਇਨ੍ਹਾਂ ਮੁੱਦਿਆਂ ਨੂੰ ਜਾਣਬੁੱਝ ਕੇ ਵਿਸਾਰੀ ਰੱਖਿਆ। ਹੁਣ ਜਦ ਸੱਤਾ ਤੋਂ ਲਾਂਭੇ ਹਨ ਤਾਂ ਦੋਬਾਰਾ ਪੰਥ ਅਤੇ ਪੰਜਾਬ ਹਿਤੈਸ਼ੀ ਹੋਣ ਦੇ ਡਰਾਮਿਆਂ ‘ਤੇ ਉਤਰ ਆਏ ਹਨ।
ਬਲਜਿੰਦਰ ਕੌਰ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ‘ਚ ਕਥਿਤ ਤੌਰ ‘ਤੇ ਸ਼ਾਮਲ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਬਾਰੇ ਸੁਖਬੀਰ ਸਿੰਘ ਬਾਦਲ ਇੰਜ ਡਰਾਮਾ ਕਰ ਰਹੇ ਹਨ, ਜਿਵੇਂ ਕੇਂਦਰ ‘ਚ ਵਿਰੋਧੀ ਧਿਰ ਦੀ ਸਰਕਾਰ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਕਮਲ ਨਾਥ ਸਮੇਤ 1984 ਦੇ ਸਿੱਖ ਕਤਲੇਆਮ ਦੇ ਸਾਰੇ ਦਾਗ਼ੀਆਂ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਸੱਚੀ-ਸੁੱਚੀ ਨੀਅਤ ਰੱਖਦੇ ਹਨ ਤਾਂ ਆਪਣੀ ਨਰਿੰਦਰ ਮੋਦੀ ਸਰਕਾਰ ਰਾਹੀਂ ਨਾ ਕੇਵਲ 1984 ਦੇ ਸਾਰੇ ਬੰਦ ਪਏ ਕੇਸ ਦੋਬਾਰਾ ਖੋਲ੍ਹਣ ਬਲਕਿ ਸਮਾਂਬੱਧ ਜਾਂਚ ਕਰਵਾ ਕੇ ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਸਾਰਿਆਂ ਨੂੰ ਜੇਲ੍ਹਾਂ ‘ਚ ਸੁੱਟਣ, ਜਿੰਨਾ ‘ਚ ਆਰਐਸਐਸ ਦੇ ਲੋਕ ਵੀ ਸ਼ਾਮਲ ਹਨ।
ਇਸੇ ਤਰ੍ਹਾਂ ਪੰਜਾਬ ਦੇ ਸਾਰੇ ਲੰਬਿਤ ਟਕਸਾਲੀ ਮੁੱਦਿਆਂ ਦੇ ਪੰਜਾਬ ਪੱਖੀ ਹੱਲ, ਪਹਾੜੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ, ਕਿਸਾਨਾਂ ਨੂੰ ਸਵਾਮੀਨਾਥਨ ਸਿਫ਼ਾਰਿਸ਼ਾਂ ਮੁਤਾਬਿਕ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਪੰਜਾਬ ਸਿਰ ਚੜ੍ਹੇ ਕਰਜ਼ ਦੇ ਨਿਪਟਾਰੇ ਲਈ ਭਾਜਪਾ ਨਾਲ ਲਕੀਰ ਖਿੱਚ ਕੇ ਸਟੈਂਡ ਲੈਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਤਿਆਗ ਕੇ ਭਾਜਪਾ ਨਾਲੋਂ ਪੱਕੇ ਤੌਰ ‘ਤੇ ਸਿਆਸੀ ਨਾਤਾ ਤੋੜਨ।