ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੀ ਸ਼ਾਮ – ਰੰਜੀਵਨ ਸਿੰਘ ਤੇ ਚੰਨ ਅਮਰੀਕ ਦੇ ਨਾਮ

117

ਮੈਲਬੌਰਨ, 17 ਜੂਨ (ਗੁਰਪੁਨੀਤ ਸਿੰਘ ਸਿੱਧੂ)- ਮਿਤੀ 16 ਜੂਨ ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਮੈਲਬਰਨ ਪਹੁੰਚੇ ਹੋਏ ਸਤਿਕਾਰਯੋਗ ਰੰਜੀਵਨ ਸਿੰਘ (ਉੱਘੇ ਲੇਖਕ ਅਤੇ ਰੰਗਕਰਮੀ) ਤੇ ਚੰਨ ਅਮਰੀਕ ਜੀ (ਪ੍ਰਸਿੱਧ ਪੰਜਾਬੀ ਕਵੀ) ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ, ਇਹ ਪ੍ਰੋਗਰਾਮ ਸੱਥ ਦੇ ਸੰਚਾਲਕ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚ ਪੰਜਾਬੀ ਸੱਥ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ ਬਿੱਕਰ ਬਾਈ ਅਤੇ ਮਧੂ ਸ਼ਰਮਾ ਤਨਹਾ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿੰਦਿਆਂ ਨੇ ਹਿੱਸਾ ਲਿਆ ਤੇ ਦੋਵਾਂ ਸਖਸ਼ੀਅਤਾਂ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ, ਪ੍ਰੋਗਰਾਮ ਵਿੱਚ ਕਵਿਤਾ ਤੇ ਕਹਾਣੀ ਦੌਰਾਨ ਹਾਜ਼ਰੀਨ ਸਰੋਤਿਆਂ ਵੱਲੋਂ ਰਾਤ ਦੇ ਖਾਣੇ ਦਾ ਆਨੰਦ ਵੀ ਮਾਣਿਆ ਗਿਆ!
ਇਸ ਪ੍ਰੋਗਰਾਮ ਦੇ ਪਹਿਲੇ ਮੁੱਖ ਮਹਿਮਾਨ ਸ. ਅਮਰੀਕ ਸਿੰਘ (ਚੰਨ ਅਮਰੀਕ ਜੀ ) ਕਿੱਤੇ ਵਜੋਂ ਪੰਜਾਬ ਦੇ ਨਹਿਰੀ ਵਿਭਾਗ ਵਿੱਚ ਐਚ. ਡੀ.ਐਮ ਵਜੋਂ ਸੇਵਾ ਮੁਕਤ ਹੋਏ ਹਨ, ਉਹ ਪੰਜਾਬੀ ਕਵੀ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਆਪਣੇ ਦੋ ਕਾਵ ਸੰਗ੍ਰਹਿ ‘ਮੈਂ ਜੋ ਚਾਹਿਆ’ ਅਤੇ ‘ਉੱਡਦੇ ਬੋਲ’ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ, ਪੰਜਾਬੀ ਜਗਤ ਵਿੱਚ ਉਹਨਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਦੇ ਲਗਭਗ ਸਾਰੇ ਹੀ ਪਰਚਿਆਂ, ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ, ਮਾਝੇ ਦੀਆਂ ਲਗਭਗ ਸਾਰੀਆਂ ਸਾਹਤਿਕ ਸਭਾਵਾਂ ਨਾਲ ਜੁੜੇ ਹੋਏ ਹਨ ਤੇ ਅੰਮ੍ਰਿਤਸਰ ਦੀ ਸਾਹਿਤਕ ਟੋਲੀ ਦੀ ਜਿੰਦ ਜਾਨ ਹਨ, ਇਸ ਪ੍ਰੋਗਰਾਮ ਵਿੱਚ ਵੀ ਉਹਨਾਂ ਨੇ ਸਮਾਜਕ, ਰਾਜਨੀਤਿਕ ਸਮੱਸਿਆਵਾਂ ਤੇ ਸਾਹਿਤਕ ਦੋਸਤੀ ਦੀ ਬਾਤ ਪਾਉਂਦੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆਂ !
ਪ੍ਰੋਗਰਾਮ ਦੇ ਦੂਸਰੇ ਮੁੱਖ ਮਹਿਮਾਨ ਸ. ਰੰਜੀਵਨ ਸਿੰਘ ਜੀ ਆਪਣੀ ਧਰਮ ਪਤਨੀ ‘ਪੂਨਮ’ ਜੀ ਤੇ ਸਪੁੱਤਰ ‘ਰਿਸ਼ਮ ਰਾਗ ਸਿੰਘ’ ਜੀ ਸਮੇਤ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ! ਉੱਘੇ ਲੇਖਕ ਤੇ ਰੰਗਕਰਮੀ ‘ਰੰਜੀਵਨ ਸਿੰਘ’ ਜੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਕਰ ਰਹੇ ਹਨ, ਮਾਣ ਵਾਲੀ ਗੱਲ ਇਹ ਕੇ ਉਹ ਪੰਜਾਬੀ ਲੇਖਕ ‘ਰਿਪੁਦਮਨ ਸਿੰਘ ਰੂਪ’ ਜੀ ਦੇ ਸਪੁੱਤਰ, ਮਸ਼ਹੂਰ ਫਿਲਮ ਡਾਇਰੈਕਟਰ ‘ਸੰਜੀਵਨ ਸਿੰਘ’ ਜੀ ਦੇ ਛੋਟੇ ਭਰਾ ਤੇ ਮਸ਼ਹੂਰ ਪੰਜਾਬੀ ਲੇਖਕ ‘ਸੰਤੋਖ ਸਿੰਘ ਧੀਰ’ ਹੁਰਾਂ ਦੇ ਭਤੀਜੇ ਹਨ, ਉਹਨਾਂ ਦੇ ਬੇਟੇ ‘ਰਿਸ਼ਮ ਰਾਗ ਸਿੰਘ’ ਵੀ ਆਪਣੇ ਪੁਰਖਿਆਂ ਦੀ ਤਰਾਂ ਰੰਗਮੰਚ ਤੇ ਗੀਤਕਾਰੀ ਵਿੱਚ ਆਪਣਾ ਨਾਮ ਬਣਾ ਰਹੇ ਹਨ, ਸਾਰੇ ਦਾ ਸਾਰਾ ਪਰਿਵਾਰ ਹੀ ਪੰਜਾਬੀ ਰੰਗਮੰਚ ਤੇ ਸਾਹਿਤ ਨੂੰ ਸਮਰਪਿਤ ਹੈ ! ਪ੍ਰੋਗਰਾਮ ਵਿੱਚ ਰੂ-ਬਰੂ ਦੌਰਾਨ ਉਹਨਾਂ ਰਲ ਮਿਲ ਕੇ ਕਾਰਜ ਕਰਨ, ਸਮੇਂ ਦੀ ਕਦਰ ਕਰਨ ਤੇ ਸਾਹਿਤ ਸੇਵਾ ਵਿੱਚ ਪਰਿਵਾਰਕ ਸਹਿਯੋਗ ਦੀ ਮਹੱਤਤਾ ਤੇ ਜੋਰ ਦਿੱਤਾਂ ,ਉਹਨਾਂ ਅੱਜਕੱਲ ਦੇ ਦੌਰ ਵਿਚਲੀਆਂ ਸਮੱਸਿਆਂ ਤੇ ਰਚੀਆਂ ਆਪਣੀਆਂ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ , ਇਸ ਤੋਂ ਬਾਅਦ ਉਹਨਾਂ ਦੇ ਬੇਟੇ ਰਿਸ਼ਮ-ਰਾਗ ਸਿੰਘ ਨੇ ਵੀ ਆਪਣੇ ਗੀਤ ਨਾਲ ਸਰੋਤਿਆਂ ਦਾ ਮਨ ਕੀਲ ਲਿਆ ! ਇਸੇ ਦੌਰਾਨ ਹੀ ‘ਰੰਜੀਵਨ ਸਿੰਘ’ ਜੀ ਨੇ ਆਪਣੀ ਸੰਪਾਦਿਤ ਕੀਤੀ ਹੋਈ ਕਿਤਾਬ ‘ਜਿੰਵੇ ਰਾਮ ਨੂੰ ਲੱਛਮਣ ਸੀ’ (ਸੰਤੋਖ ਸਿੰਘ ਧੀਰ ਵੱਲੋਂ ਰਿਪੁਦਮਨ ਸਿੰਘ ਰੂਪ ਨੂੰ ਇੰਗਲੈਂਡ/ਮਾਸਕੋ ਤੋਂ ਲਿਖੀਆਂ ਚਿੱਠੀਆਂ) ਵੀ ਪੰਜਾਬੀ ਸੱਥ ਨੂੰ ਭੇਂਟ ਕੀਤੀ !
ਰਾਤ ਦੇ ਖਾਣੇ ਤੋਂ ਬਾਅਦ ਪ੍ਰੋਗਰਾਮ ਦੇ ਦੂਜੇ ਭਾਗ ਦੌਰਾਨ ਸੱਥ ਦੀ ਸਟੇਜ ਸਕੱਤਰ ‘ਮਧੂ ਸ਼ਰਮਾ ਤਨਹਾ’ ਨੇ ਸਟੇਜ ਵਾਲੀ ਸੇਵਾ ਨਿਭਾਉਂਦਿਆਂ ਆਪਣੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ‘ਮਰਦ ਖਿਡਾਰੀ ਕਹਾਉਂਦਾ ,ਜਦ ਕਈਆਂ ਨਾਲ ਯਾਰੀ ਲਾਉਂਦਾ’ ਵੀ ਸਰੋਤਿਆਂ ਨੂੰ ਸੁਣਾਈ ਤੇ ਹਰ ਵਾਰ ਦੀ ਤਰਾਂ ਵਾਹ ਵਾਹ ਖੱਟੀ, ਮੈਲਬਰਨ ਦੇ ‘ਹਰਪ੍ਰੀਤ ਸਿੰਘ ਤਲਵੰਡੀ ਖੁੰਮਣ’ ਨੇ ਆਪਣੀ ਵਿਲੱਖਣ ਰਚਨਾ ‘ਨੂਰ ਅਦਬੀ ਅੱਲਾ ਫਰਸ਼ ਤਾਰਿਆ ਈ … ਆਣ ਇਸ਼ਕ ਨਾਗ ਸੀਨੇ ਡੰਗ ਮਾਰਿਆ ਈ’ ਨਾਲ ਪ੍ਰੋਗਰਾਮ ਦਾ ਫਿਰ ਤੋਂ ਰੰਗ ਬੰਨ੍ਹ ਦਿੱਤਾ, ਕਿਸੇ ਸ਼ਾਇਰ ਦੇ ਖਿਆਲ ਵਰਗੀ ਕਵਿੱਤਰੀ ‘ਰਮਾਂ ਸੇਖੋਂ’ ਨੇ ਆਪਣੀ ਕਵਿਤਾ ‘ ਨੌਕਰੀਆਂ ਨੇ ਜੱਦੀ ਘਰ ਛੁਡਵਾ ਦਿੱਤੇ ……’ ਅਤੇ ਇੱਕ ਹਿੰਦੀ ਕਵਿਤਾ ਨਾਲ ਸਰੋਤਿਆਂ ਨੂੰ ਆਪਣੀ ਕਵਿਤਾ ਦੇ ਰੰਗ ਵਿੱਚ ਰੰਗ ਲਿਆ !
ਪੰਜਾਬੀ ਸੱਥ ਮੈਲਬਰਨ ਦੀ ਰੂਹ ‘ਬਿੱਕਰ ਬਾਈ’ ਜੀ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਆਪਣੀ ਸੇਵਾ ਨਿਭਾਉਂਦਿਆਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਫਿਰ ਆਪਣੀ ਕਵਿਤਾ ‘ ਗਾਇਕੀ ਦਾ ਰੂਪ ਵਿਗੜ ਗਿਆ ਏ, ਇੱਕ ਨਵਾਂ ਈ ਚਰਚਾ ਛਿੜ ਗਿਆ ਏ’ ਨਾਲ ਹਾਜ਼ਰੀ ਲਵਾਈ। ‘ਕੁਲਜੀਤ ਕੌਰ ਗ਼ਜ਼ਲ ‘ ਦੀ ਗ਼ਜ਼ਲ ਤੋਂ ਬਾਅਦ ‘ਆਸਟ੍ਰੇਲੀਅਨ ਪੰਜਾਬੀ’ ਚੈੱਨਲ ਵਾਲੇ ਬਿਕਰਮ ਸੇਖੋਂ ਜੀ ਨੇ ਚੈਂਨਲ ਨੂੰ ਸ਼ੁਰੂ ਕਰਨ ਦਾ ਖਿਆਲ, ਚੈਂਨਲ ਦੇ ਮਨਸੂਬੇ ਤੇ ਆਉਣ ਵਾਲੇ ਦਿਨਾਂ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਵਿਤਾਵਾਂ ਨੂੰ ਮਾਣਦਿਆਂ ਹੀ ਦੋਵਾਂ ਮਹਿਮਾਨਾਂ ਰੰਜੀਵਨ ਸਿੰਘ ਜੀ ਤੇ ਚੰਨ ਅਮਰੀਕ ਜੀ ਨੇ ਮੈਲਬਰਨ ਤੋਂ ਛੱਪਦਾ ਪੰਜਾਬੀ ਪਰਚਾ ‘ਅਗਮ’ ਵੀ ਰਿਲੀਜ਼ ਕੀਤਾ ,ਪ੍ਰੋਗਰਾਮ ਦੇ ਅੰਤ ਵਿੱਚ ਦੋਵਾਂ ਮੁੱਖ ਮਹਿਮਾਨਾਂ ਨੂੰ ਪੰਜਾਬੀ ਸੱਥ ਮੈਲਬਰਨ ਦਾ ਇੱਕ ਯਾਦਗਾਰੀ ਚਿੰਨ ਤੇ ਇੱਕ ਤੋਹਫ਼ਾ ਭੇਟ ਕੀਤਾ ਗਿਆ, ਇਸ ਪ੍ਰੋਗਰਾਮ ਵਿੱਚ ਹਾਜ਼ਿਰ ਕਵੀਆਂ ਤੋਂ ਇਲਾਵਾ ਸੋਨਮ ਸੈਣੀ, ਪੂਨਮ ਕੈਂਥ ਜੀ , ਜਸਪ੍ਰੀਤ ਬੇਦੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਆਦਿ ਸਰੋਤਿਆਂ ਨੇ ਰਚਨਾਵਾਂ ਤੇ ਸਾਹਿਤਕ ਗੱਲਾਂ ਬਾਤਾਂ ਦਾ ਆਨੰਦ ਮਾਣਿਆ।ਮੁੱਖ ਮਹਿਮਾਨਾਂ ਦੀਆਂ ਸੱਥ ਦੇ ਭਵਿੱਖ ਵਾਸਤੇ ਸ਼ੁੱਭ-ਇਛਾਵਾਂ ਤੇ ਪਿਆਰ ਭਰੇ ਅਸ਼ੀਰਵਾਦ ਦੇ ਨਾਲ ਇਸ ਸਫਲ, ਸੁਹਾਵਣੀ ਤੇ ਵਿਲੱਖਣ ਸਾਹਿਤਕ ਸ਼ਾਮ ਨੂੰ ਅਲਵਿਦਾ ਕਹਿ ਦਿੱਤਾ ਗਿਆ।(ਹਰਪ੍ਰੀਤ ਸਿੰਘ)