10 ਸਾਲਾਂ ‘ਚ ਵਿਗੜੀ ਸਥਿਤੀ ਨੂੰ ਕੈਪਟਨ ਸਰਕਾਰ ਨੇ 2 ਸਾਲਾਂ ‘ਚ ਸੰਭਾਲਿਆ :-ਪਰਨੀਤ ਕੌਰ
ਪਰਨੀਤ ਕੌਰ ਨੇ ਚੋਣ ਪ੍ਰਚਾਰ ‘ਚ ਲਿਆਂਦੀ ਤੇਜੀ, ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ
ਪਟਿਆਲਾ, 6 ਮਈ : ਪੰਜਾਬ ਦੀ 10 ਸਾਲਾਂ ‘ਚ ਵਿਗਾੜੀ ਹਾਲਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਹੀ ਸੰਭਾਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ, ”ਸਾਡਾ ਏਜੰਡਾ ਸਿਰਫ਼ ਵਿਕਾਸ ਹੈ ਅਤੇ ਕਾਂਗਰਸ ਪਾਰਟੀ ਨੇ ਕਦੇ ਵਿਤਕਰੇਬਾਜੀ ਦੀ ਰਾਜਨੀਤੀ ਨਹੀਂ ਕੀਤੀ ਪਰ ਪਟਿਆਲਾ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਸਭ ਪਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਕਿਸ ਤਰ੍ਹਾਂ ਪਟਿਆਲਾ ਨੂੰ ਵਿਤਕਰੇ ਦਾ ਸ਼ਿਕਾਰ ਬਣਾਇਆ।”
ਪਰਨੀਤ ਕੌਰ ਨੇ ਨਾਭਾ ਸ਼ਹਿਰ ਵਿਖੇ ਮੈਹਸ ਗੇਟ, ਬੋਹੜਾ ਗੇਟ, ਨੇੜੇ ਐਲ.ਬੀ.ਐਮ. ਕਾਲਜ, ਭੱਟਾਂ ਵਾਲੀ ਗਲੀ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕਰਵਾਈਆਂ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਪਣੇ ਚੋਣ ਪ੍ਰਚਾਰ ‘ਚ ਤੇਜੀ ਲੈਆਂਦੀ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦਾ ਪਿਛਲੇ ਦੋ ਸਾਲਾਂ ਦਾ ਸਮਾਂ ਪਿਛਲੀ ਸਰਕਾਰ ਦੀਆਂ ਨਾਕਾਮੀਆਂ ਨੂੰ ਦੂਰ ਕਰਨ ‘ਚ ਲੱਗਿਆ ਹੈ ਕਿਉਂਕਿ ਉਨ੍ਹਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਦਾ ਆਰਥਿਕ ਦਿਵਾਲਾ ਨਿਕਲਿਆ ਤੇ ਖ਼ਜ਼ਾਨਾ ਖਾਲੀ ਹੋਇਆ ਅਤੇ ਰਾਜ ਕਰਜ਼ੇ ਦੇ ਬੋਝ ਥੱਲੇ ਬੁਰੀ ਤਰ੍ਹਾਂ ਦਬ ਕੇ ਰਹਿ ਗਿਆ।
ਪਰਨੀਤ ਕੌਰ ਨੇ ਕਿਹਾ ਕਿ ਪਰ ਇਸਦੇ ਬਾਵਜੂਦ ਕਾਂਗਰਸ ਸਰਕਾਰ ਨੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਗਰੀਬਾਂ, ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਲਈ ਭਲਾਈ ਸਕੀਮਾਂ ਨੂੰ ਮਜ਼ਬੂਤੀ ਨਾਲ ਲਾਗੂ ਤਾਂ ਕੀਤਾ ਹੀ ਸਗੋਂ ਰਾਜ ਦੀ ਆਰਥਿਕ ਹਾਲਤ ਨੂੰ ਵੀ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਹਨ, ਜਿਨ੍ਹਾਂ ਦੇ ਨਤੀਜੇ ਜਲਦ ਸਾਡੇ ਸਾਹਮਣੇ ਆਉਣਗੇ।
ਪਰਨੀਤ ਕੌਰ ਨੇ ਕਿਹਾ ਕਿ ਦੇਸ਼ ਨੂੰ ਇਸ ਵੇਲੇ ਮੋਦੀ ਦੀ ਜੁਮਲਿਆਂ ਵਾਲੀ ਸਰਕਾਰ ਦੀ ਥਾਂ ਕਾਂਗਰਸ ਦੀ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ, ਤਾਂ ਕਿ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕੇ, ਇਸ ਲਈ ਜਿੱਥੇ ਦੇਸ਼ ਵਾਸੀ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ, ਉਥੇ ਹੀ ਪੰਜਾਬ ਵਿੱਚ ਵੀ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਅਤੇ ਰਾਜ ਦੀਆਂ 13 ਦੀਆਂ 13 ਸੀਟਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ।
ਇਨ੍ਹਾਂ ਚੋਣ ਮੀਟਿੰਗਾਂ ‘ਚ ਸਾਬਕਾ ਵਿਧਾਇਕ ਰਾਮੇਸ਼ ਸਿੰਗਲਾ, ਮਹੰਤ ਹਰਵਿੰਦਰ ਸਿੰਘ ਖਨੌੜਾ, ਰਜਨੀਸ਼ ਕੁਮਾਰ ਸੈਂਟੀ ਪ੍ਰਧਾਨ ਨਗਰ ਕੌਂਸਲ, ਰਵੀ ਬਰਾੜ, ਸੁਖਜਿੰਦਰ ਮਾਨਸ਼ਾਹੀਆ, ਗੌਤਮ ਬਾਤਿਸ਼, ਅਸ਼ੋਕ ਕੁਮਾਰ ਬਿੱਟੂ ਕੌਂਸਲਰ, ਸਰਬਜੀਤ ਭੋਲਾ, ਨਾਰੇਸ਼ ਨੇਗੀ, ਸਨੇਹ ਲੱਤਾ, ਅਰੂਨਾ ਕੁਮਾਰੀ, ਸੋਮਨਾਥ ਢੱਲ ਵਪਾਰ ਮੰਡਲ ਦੇ ਪ੍ਰਧਾਨ, ਸੁਭਾਸ਼ ਸਹਿਗਲ, ਨਵਦੀਪ ਗਰਗ, ਰੇਨੂੰ ਸੇਠ ਕੌਂਸਲਰ ਅਤੇ ਹਰੀ ਸੇਠ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਆਗੂ ਨਾਭਾ ਵਿਖੇ ਕਾਂਗਰਸ ਦੀਆਂ ਭਰਵੀਂਆਂ ਮੀਟਿੰਗਾਂ ਦੌਰਾਨ।