ਮੋਹਾਲੀ ਪੁਲੀਸ ਨੇ ਸੜਕ ਹਾਦਸੇ ਦਾ ਗੁੰਝਲਦਾਰ ਕੇਸ ਸੁਲਝਾਇਆ

61

ਪਿੰਡ ਸਨੇਟਾ ਦੇ ਰਹਿਣ ਵਾਲਾ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਨੇ ਆਪਣਾ ਜੁਰਮ ਕਬੂਲਿਆ: ਜ਼ਿਲ੍ਹਾ ਪੁਲੀਸ ਮੁਖੀ

ਐਸ.ਏ.ਐਸ. ਨਗਰ, 16 ਮਾਰਚ- ਇੱਥੇ ਪ੍ਰੀਤ ਸਿਟੀ ਸੈਕਟਰ 86 ਵਿਖੇ ਵਾਪਰੇ ਸੜਕ ਹਾਦਸੇ ਦੇ ਇਕ ਗੁੰਝਲਦਾਰ ਕੇਸ ਵਿੱਚ ਮੁਹਾਲੀ ਪੁਲੀਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ 86 ਦੀ ਪ੍ਰੀਤ ਸਿਟੀ ਵਿੱਚ 8 ਮਾਰਚ ਨੂੰ ਇਕ ਬਜ਼ੁਰਗ ਵਿਅਕਤੀ ਨੂੰ ਸ਼ਾਮ ਸਮੇਂ ਸੈਰ ਕਰਦੇ ਹੋਏ ਕਾਰ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਕਾਰ ਚਾਲਕ ਜ਼ਖ਼ਮੀ ਨੂੰ ਕਾਰ ਵਿੱਚ ਪਾ ਕੇ ਹਸਪਤਾਲ ਲੈ ਜਾਣ ਬਾਰੇ ਕਹਿ ਕੇ ਮੋਰਿੰਡਾ ਰੋਡ ਉਤੇ ਪਿੰਡ ਭੁੱਖੜੀ ਵਿਖੇ ਝਾੜੀਆਂ ਵਿੱਚ ਸੁੱਟ ਕੇ ਫਰਾਰ ਹੋ ਗਿਆ ਸੀ।

ਸ. ਭੁੱਲਰ ਨੇ ਦੱਸਿਆ ਕਿ ਜ਼ਖ਼ਮੀ ਓਮ ਪ੍ਰਕਾਸ਼ ਦੀ ਲਾਸ਼ 9 ਮਾਰਚ ਨੂੰ ਪਿੰਡ ਭੁੱਖੜੀ ਵਿੱਚ ਸੜਕ ਕਿਨਾਰੇ ਤੋਂ ਮਿਲੀ ਸੀ। ਇਸ ਸਬੰਧੀ ਵਰਿੰਦਰਪਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪ੍ਰੀਤ ਸਿਟੀ ਦੇ ਬਿਆਨਾਂ ਉਤੇ ਥਾਣਾ ਸੋਹਾਣਾ ਵਿੱਚ 9 ਮਾਰਚ ਨੂੰ ਭਾਰਤੀ ਦੰਡਾਵਲੀ ਦੀ ਧਾਰਾ 279, 304 ਅਤੇ 201 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਥਾਣਾ ਸੋਹਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਕੇਸ ਦੀ ਡੂੰਘਾਈ ਨਾਲ ਤਫ਼ਤੀਸ਼ ਮਗਰੋਂ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਨੇਟਾ (32) ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਕਾਲੇ ਰੰਗ ਦੀ ਫੋਰਡ ਫੀਗੋ ਗੱਡੀ (ਪੀਬੀ 65 ਕਿਓ-3379) ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਉਹ ਹਾਦਸੇ ਕਾਰਨ ਘਬਰਾ ਗਿਆ ਸੀ ਅਤੇ ਜ਼ਖ਼ਮੀ ਨੂੰ ਜਦੋਂ ਹਸਪਤਾਲ ਲੈ ਜਾ ਰਿਹਾ ਸੀ ਤਾਂ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਇਸ ਕਾਰਨ ਉਹ ਡਰ ਗਿਆ ਅਤੇ ਓਮ ਪ੍ਰਕਾਸ਼ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੋਰਿੰਡਾ ਰੋਡ ਉਤੇ ਪਿੰਡ ਭੁੱਖੜੀ ਵਿਖੇ ਸੜਕ ਕਿਨਾਰੇ ਕਾਰ ਵਿਚੋਂ ਉਤਾਰ ਕੇ ਆਪਣੇ ਘਰ ਚਲਾ ਗਿਆ।