ਆਸਟ੍ਰੇਲੀਆ ‘ਚ ਭਿਆਨਕ ਹੜ੍ਹ – ਘਰਾਂ ‘ਚ ਵੜਿਆ ਪਾਣੀ, ਸੜਕਾਂ ‘ਤੇ ਘੁੰਮਣ ਲੱਗੇ ਮਗਰਮੱਛ (ਦੇਖੋ ਤਸਵੀਰਾਂ)

296

ਮੈਲਬੌਰਨ, 4 ਫਰਵਰੀ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਵਿਚ ਆਏ ਭਿਆਨਕ ਹੜ੍ਹ ਨੇ ਕਈ ਥਾਵਾਂ ਉਤੇ ਵੱਡੀ ਤਬਾਹੀ ਮਚਾਈ ਹੈ। ਹੜ੍ਹ ਕਾਰਨ ਸਥਿਤੀ ਇੰਨੀ ਖਤਰਨਾਕ ਹੈ ਕਿ ਕੁਝ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਚੁੱਕਾ ਹੈ ਅਤੇ ਸੱਪ, ਮਗਰਮੱਛ ਆਦਿ ਸੜਕਾਂ ਉਤੇ ਘੁੰਮਦੇ ਦੇਖੇ ਗਏ, ਜਿਸ ਕਾਰਨ ਲੋਕਾਂ ਵਿਚ ਕਾਫੀ ਸਹਿਮ ਦਾ ਮਾਹੌਲ ਹੈ।

ਲੋਕ ਛੱਤ ਉਤੇ ਬੈਠ ਕੇ ਪ੍ਰਸ਼ਾਸਨ ਤੋਂ ਰਾਹਤ ਦੀ ਮੰਗ ਕਰ ਰਹੇ ਹਨ। ਜਦਕਿ ਕੁਝ ਲੋਕ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਦੌਰਾਨ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

ਕਵੀਨਸਲੈਂਡ ਸੂਬੇ ਵਿਚ ਭਾਰੀ ਮੀਂਹ ਤੋਂ ਬਾਅਦ ਇਲਾਕੇ ਵਿਚ ਕਾਫੀ ਪਾਣੀ ਭਰ ਗਿਆ ਹੈ ਅਤੇ ਸੜਕਾਂ ਵੀ ਪਾਣੀ ਵਿਚ ਡੁੱਬ ਚੁੱਕੀਆਂ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹ ਪਿਛਲੇ 100 ਸਾਲਾਂ ਵਿਚ ਆਇਆ ਪਹਿਲਾ ਭਿਆਨਕ ਹੜ ਹੈ, ਜਿਸ ਨੇ ਜਨਜੀਵਨ ਨੂੰ ਇੰਨੇ ਵੱਡੇ ਪੱਧਰ ਉਤੇ ਪ੍ਰਭਾਵਿਤ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਪਈ ਭਿਆਨਕ ਗਰਮੀ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ ਅਤੇ ਹੁਣ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।