ਮੋਦੀ ਸਰਕਾਰ ਵੱਲੋਂ 15 ਲੱਖ ਰੁਪਏ ਦੀ ਆਮ ਜਨਤਾ ਨੂੰ ਭਾਲ: ਬ੍ਰਹਮਪੁਰਾ
ਚੰਡੀਗੜ੍ਹ 2 ਫਰਵਰੀ – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਜੁਮਲਾ ਕਰਾਰ ਦਿੱਤਾ। ਸ੍ਰ. ਬ੍ਰਹਮਪੁਰਾ ਦੇ ਵਿਚਾਰ ਅਨੁਸਾਰ ਅੰਤਰਿਮ ਬਜਟ ਆਮ ਜਨਤਾ ਦੇ ਵਿਰੁੱਧ ਹੈ। ਇਸ ਬਜਟ ਵਿੱਚ ਕਿਸਾਨਾਂ ਦਾ ਭੱਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਮੋਦੀ ਸਰਕਾਰ ਨੇ ਬਜਟ ਐਲਾਨ ਕਰਨ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵੱਲ ਕੋਈ ਧਿਆਨ ਨਹੀਂ ਦਿੱਤਾ ਜੋ ਕਿ ਦੇਸ਼ ਵਿੱਚ ਸੱਤਾਧਾਰੀ ਪਾਰਟੀ ਲਈ ਬੇਹੱਦ ਸ਼ਰਮ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪਹਿਲਾਂ ਤੋਂ ਹੀ ਸਰਕਾਰ ਤੇ ਪਏ ਕਰੋੜਾਂ ਦੇ ਘਾਟੇ ਨੂੰ ਕਿਵੇਂ ਪੂਰਾ ਕੀਤਾ ਜਾ ਸਕੇ ਅਤੇ ਇਸ ਅੰਤਰਿਮ ਬਜਟ ਵਿੱਚ ਭਾਰਤ ਦੇ ਲੋਕਾਂ ਨਾਲ ਕੇਵਲ ਝੂਠੇ ਵਾਅਦੇ ਕੀਤੇ ਗਏ ਹਨ। ਕਿਸਾਨਾਂ ਨੂੰ ਸਲਾਨਾ 6000 ਰੁਪਏ ਦਾ ਐਲਾਨ ਕਰਨਾ ਜੋ ਮਹੀਨੇ ਦਾ ਸਿਰਫ਼ 500 ਰੁਪਏ ਬਣਦਾ ਹੈ ਇਸ ਐਲਾਨ ਨਾਲ ਕਿਸਾਨਾਂ ਦਾ ਭੱਦਾ ਮਜ਼ਾਕ ਉਡਾਇਆ ਗਿਆ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨਾਂ ਦੇ ਪ੍ਰਤੀ ਮੋਦੀ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਮੋਦੀ ਸਰਕਾਰ ਕਿਸਾਨਾਂ ਨੂੰ ਕੇਵਲ 6000 ਰੁਪਏ ਸਲਾਨਾ ਦੇਣ ਤੇ ਆ ਗਏ ਹਨ ਕੀ ਕਿਸਾਨ ਇਸ ਦੇਸ਼ ਦੇ ਨਾਗਰਿਕ ਨਹੀਂ ਹਨ? ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਜੁਮਲੇ ਦੇਣ ਦੀ ਬਜਾਏ ਦੇਸ਼ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਸੀ ਪਰ ਹੁਣ ਮੋਦੀ ਸਰਕਾਰ ਵੱਲੋਂ ਅੰਤਰਿਮ ਬਜਟ ਪੇਸ਼ ਕਰਨ ਉਪਰੰਤ ਇਹ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਜਿਸ ਦਾ ਨਤੀਜਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਮ ਵੱਲੋਂ ਮੋਦੀ ਸਰਕਾਰ ਨੂੰ ਮਿਲ ਜਾਵੇਗਾ।