ਵਿਧਾਇਕ ਪਿਰਮਲ ਸਿੰਘ ਵੱਲੋਂ ਅਨੁਸੂਚਿਤ ਜਾਤੀ ਪੀੜਤ ਪਰਿਵਾਰਾਂ ਦੀ ਕੀਤੀ ਹਮਾਇਤ
ਚੰਡੀਗੜ੍ਹ, ਜਨਵਰੀ 18 (ਵਿਸ਼ਵ ਵਾਰਤਾ)-ਅੱਜ ਵਿਧਾਨ ਸਭਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਨੇ ਪਿਛਲੇ 21 ਦਸੰਬਰ ਤੋਂ ਲਗਾਤਾਰ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਉਤੇ ਬੈਠੇ ਅਨੁਸੂਚਿਤ ਜਾਤੀਆਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਕੀਤੀ ਗਈ ਵਧੀਕੀਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਗਰੀਬ ਪਰਿਵਾਰਾਂ ਨਾਲ ਅਨਿਆਂ ਅੱਤਿਆਚਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੇ ਹੌਂਸਲੇ ਵੱਧੇ ਹਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਰੋਕਣ ਵਿੱਚ ਅਸਮਰਥ ਨਜਰ ਆਉਂਦਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਨਿਆਂ ਲਈ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ।
ਨੈਸਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ 29ਵੇਂ ਦਿਨ ਵੀ ਜਾਰੀਰਹੀ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਿੰਡ ਅਤਾਲਾਂ ਤੇ ਸ਼ੇਰਗੜ੍ਹ ਤਹਿਸੀਲ ਪਾਤੜਾਂ ਜਿਲ੍ਹਾ ਪਟਿਆਲਾ ਅਤੇ ਪੰਜਾਬ ਦੇ ਹੋਰਨਾਂ ਥਾਵਾਂ ਉੱਤੇ ਅਜਿਹੇ ਘਿਨਾਉਣੇ ਅਪਰਾਧ ਕੀਤੇ ਜਾ ਰਹੇ ਹਨ ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ ਚਹੇਤਾ ਵਿਧਾਇਕ ਨਿਰਮਲ ਸਿੰਘ ਦੋਸ਼ੀਆਂ ਦਾ ਮਦਦਗਾਰ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਉਤੇ ਜਬਰ ਜ਼ੁਲਮ ਅਤੇ ਝੂਠੇ ਕੇਸ ਦਰਜ ਕਰਨ ਲਈ ਪੁਲਿਸ ਦਾ ਸ਼ਰੇਆਮ ਇਸਤੇਮਾਲ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਵਰਗ ਦੇ ਗਰੀਬ ਲੋਕਾਂ ਨੂੰ ਆਪਣੇ ਪਿੰਡ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਪੁਲਿਸ ਪ੍ਰਸ਼ਾਸਨ ਕਾਂਗਰਸੀਆਂ ਦੀ ਕੱਠਪੁਤਲੀਆਂ ਵਾਗੂੰ ਕੰਮ ਕਰ ਰਿਹਾ ਹੈ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਸਰਕਾਰੀ ਦਹਿਸ਼ਤਗਰਦੀ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰੇਗਾ। ਮਹਾਰਾਜਾ ਅਮਰਿੰਦਰ ਸਿੰਘ ਦਾ ਗ੍ਰਹਿ ਵਿਭਾਗ ਅਨੁਸੂਚਿਤ ਜਾਤੀਆਂ ਨੂੰ ਨਿਆਂ ਦਿਵਾਉਣ ਵਿੱਚ ਅਸਫਲ ਸਾਬਿਤ ਹੋ ਰਿਹਾ ਹੈ। ਇਨ੍ਹਾਂ ਨਿਰਦੋਸ਼ ਗਰੀਬ ਪਰਿਵਾਰਾਂ ਉਤੇ ਸੰਗੀਨ ਧਾਰਵਾਂ ਹੇਠ 307, 326 ਅਤੇ ਹੋਰਨਾਂ ਧਾਰਾ ਲਗਾ ਕੇ ਪਿੰਡੋਂ ਉਜਾੜ ਦਿੱਤਾ ਹੈ।