ਚੰਡੀਗੜ੍ਹ ਤੋਂ ਪੰਜਾਬ ਵਿਚ ਡੀਜ਼ਲ ਸਮੱਗਲ ਕਰਨ ਵਾਲਾ ਡਰਾਇਵਰ ਤੇ ਪੈਟਰੋਲ ਪੰਪ ਮੈਨੇਜਰ ਗ੍ਰਿਫਤਾਰ

72

  • ਚੰਡੀਗੜ੍ਹ ਤੋਂ ਪੰਜਾਬ ਲਿਆ ਰਹੇ ਸਨ 2500 ਲੀਟਰ ਡੀਜ਼ਲ ਨਾਲ ਭਰਿਆ ਟੈਂਕਰ

ਐਸ.ਏ.ਐਸ.ਨਗਰ, 06 ਦਸੰਬਰ – ਚੰਡੀਗੜ੍ਹ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਪੈਟਰੋਲ ਅਤੇ ਡੀਜ਼ਲ ਪੰਜਾਬ ਵਿਚ ਸਮੱਗਲ ਕੀਤੇ ਜਾਣ ਦੀਆਂ ਮਿਲੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਅਤੇ ਏ.ਸੀ.ਐਸ. (ਕਰ) ਅਤੇ ਈ.ਟੀ.ਸੀ. ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਸਮੱਗਲਿੰਗ ਨੂੰ ਰੋਕਣ ਲਈ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਅੱਜ ਏ.ਈ.ਟੀ.ਸੀ. ਸ਼ਾਲੀਨ ਵਾਲੀਆ (ਮੋਬਾਇਲ ਵਿੰਗ ਚੰਡੀਗੜ੍ਹ) ਨੂੰ ਮਿਲੀ ਸੂਹ ਦੇ ਆਧਾਰ ‘ਤੇ ਚੰਡੀਗੜ੍ਹ ਤੋਂ ਪੰਜਾਬ ਆਉਂਦੀਆਂ ਸੜਕਾਂ ‘ਤੇ ਨਿਗਰਾਨੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਟੈਂਕਰ (ਸੀ.ਐਚ.100 (ਟੀ ) 2472) ਦਾ ਪਿੱਛਾ ਕਰਕੇ ਉਸ ਨੂੰ ਵਾਈ.ਪੀ.ਐਸ. ਚੌਕ ਮੋਹਾਲੀ ਕੋਲ ਰੋਕਿਆ ਗਿਆ। ਜਿਸ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਸਮੱਗਲ ਕੀਤਾ ਜਾ ਰਿਹਾ ਹੈ 2500 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ਼ਾਲੀਨ ਵਾਲੀਆ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਟੈਂਕਰ ਪੈਟਰੋਲ ਪੰਪ (ਐਮ/ਐਸ ਚੰਡੀਗੜ੍ਹ ਪੈਟਰੋਵੇਜ਼ ਸੈਕਟਰ-52 ਬੀ) ਤੋਂ ਭਰਿਆ ਗਿਆ ਸੀ। ਇਹ ਡੀਜ਼ਲ ਐਮ.ਐਸ.ਖੇਰ ਕੰਸਟਰਕਸ਼ਨਜ਼, ਚੁੰਨੀ-ਲਾਂਡਰਾਂ ਰੋਡ ਖਰੜ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਸਪਲਾਈ ਕੀਤਾ ਜਾਣਾ ਸੀ। ਟੈਂਕਰ ਡਰਾਈਵਰ ਅਤੇ ਪੈਟਰੋਲ ਪੰਪ ਦੇ ਮੈਨੇਜਰ ਨੂੰ ਗ੍ਰਿਫਤਾਰ ਕਰਕੇ ਥਾਣਾ ਮਟੌਰ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।  ਡਰਾਇਵਰ ਕੋਲੋਂ 27 ਨਵੰਬਰ 2018 ਦੀ ਇੱਕ ਇਨਵੋਆਇਸ ਬਰਾਮਦ ਕੀਤੀ ਗਈ। ਇਸ ਸਬੰਧੀ ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਇਸ ਕਲਾਂਇਟ ਨੂੰ ਡੀਜ਼ਲ ਸਪਲਾਈ ਕੀਤਾ ਸੀ ਅਤੇ ਪੰਜਾਬ ਵਿਚ ਹੋਰਨਾਂ ਕਲਾਂਇਟਾਂ ਨੂੰ ਵੀ ਤੇਲ ਸਪਲਾਈ ਕਰਦਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਸਮੱਗਲਰ ਤੇਲ ਦੀ ਤਸਕਰੀ ਕਰਦੇ ਹਨ। ਜਿਸ ਕਾਰਨ ਪੰਜਾਬ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ। ਇਸ ਧੰਦੇ ਵਿਚ ਸ਼ਾਮਿਲ ਹੋਰਨਾਂ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਪੜਤਾਲ ਜਾਰੀ ਹੈ ਅਤੇ ਇਸ ਨਾਲ ਸਬੰਧਿਤ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਫੋਟੋ ਕੈਪਸ਼ਨ: 1. ਗ੍ਰਿਫਤਾਰ ਕੀਤੇ ਗਏ ਡੀਜ਼ਲ ਸਮੱਗਲ ਕਰਨ ਵਾਲੇ ਮੁਲਜ਼ਮ।