ਪਟਿਆਲਾ: ਹਰ ਨਾਗਰਿਕ ਦੇ ਬੁਨਿਆਦੀ ਸੰਵਿਧਾਨਕ ਹੱਕ ਸਿੱਖਿਆ ਨੂੰ ਬਚਾਉਣ ਦੀ ਮਨਸ਼ਾ ਨਾਲ ਉਸਰਿਆ ਸਾਂਝਾ ਅਧਿਆਪਕ ਮੋਰਚਾ ਦਾ ਪਟਿਆਲੇ ਸ਼ਹਿਰ ਵਿੱਚ ਲੱਗਿਆ ਪੱਕਾ ਮੋਰਚਾ ਸਮਾਜ ਦੇ ਹਰ ਸੰਵੇਦਨਸ਼ੀਲ ਵਰਗ ਦੀ ਭਰਵੀਂ ਹਮਾਇਤ ਸਦਕਾ 56ਵੇਂ ਦਿਨ ਵਿੱਚ ਦਾਖਿਲ ਹੋ ਗਿਆ।
ਸਾਂਝੇ ਅਧਿਆਪਕ ਮੋਰਚੇ ਦੀਆਂ 2 ਦਸੰਬਰ ਦੀਆਂ ਜੰਗੀ ਤਿਆਰੀਆਂ ਦੇ ਮੱਦੇਨਜਰ ਸਿੱਖਿਆ ਮੰਤਰੀ ਓਮ ਪਰਕਾਸ਼ ਸੋਨੀ ਵੱਲੋਂ ਆਪ ਇਸ ਸੰਬੰਧੀ ਪਟਿਆਲਾ ਪੱਕਾ ਮੋਰਚਾ ਵਾਲੀ ਥਾਂ ਤੇ ਆ ਕੇ ਅਹਿਮ ਐਲਾਨ ਕੀਤੇ ਗਏ, ਜਿਸ ਵਿੱਚ ਐੱਸ.ਐੱਸ.ਏ/ਰਮਸਾ,ਆਦਰਸ਼ ਮਾਡਲ ਸਕੂਲ ਦੇ ਅਧਿਆਪਕਾਂ ਦੀ 15300 ਤਨਖਾਹ ਪਾਲਿਸੀ ਨੂੰ ‘ਰੀਵਿਊ’ ਕਰਨ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ, 5178 ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰਾ ਸਕੇਲ ਅਤੇ ਬਣਦੀ ਮਿਤੀ ਤੋਂ ਰੈਗੂਲਰ ਕੀਤਾ ਜਾਵੇਗਾ, ਹਰ ਤਰ੍ਹਾਂ ਦੇ ਵਲੰਟੀਅਰਾਂ ਦੀ ਤਨਖਾਹ ਵਿੱਚ 1500 ਰੁਪਏ ਮਾਸਿਕ ਦਾ ਵਾਧਾ ਕੀਤਾ ਜਾਵੇਗਾ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸਿਫਟ ਕਰਨ ਲਈ ਵਿਚਾਰਿਆ ਜਾਵੇਗਾ, ਸੰਘਰਸ਼ਾਂ ਦੌਰਾਨ ਹੋਈਆਂ ਹਰ ਪ੍ਰਕਾਰ ਦੀਆਂ ਜਬਰੀ ਮੁਅੱਤਲੀਆਂ, ਬਦਲੀਆਂ, ਟਰਮੀਨੇਸ਼ਨਾਂ ਅਤੇ ਵਿਕਟੇਮਾਈਜੇਸ਼ਨਾਂ ਨੂੰ ਫੋਰੀ ਰੱਦ ਕੀਤਾ ਜਾਵੇਗਾ। 4 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਮੁੜ ਮੀਟਿੰਗ ਹੋਵੇਗੀ ਅਤੇ 5 ਤੋਂ 15 ਦਸੰਬਰ ਦੇ ਵਿਚਕਾਰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾ ਕੇ ਸਾਰੀਆਂ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ।
ਸਾਂਝੇ ਅਧਿਆਪਕਾਂ ਮੋਰਚੇ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਬਾਜ ਸਿੰਘ ਖਹਿਰਾ,ਸੁਖਵਿੰਦਰ ਸਿੰਘ ਚਹਿਲ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਹਰਦੀਪ ਸਿੰਘ ਟੋਡਰਪੁਰ, ਹਰਵਿੰਦਰ ਬਿਲਗਾ, ਸਤਨਾਮ ਸਿੰਘ ਸ਼ੇਰੋ, ਗੁਰਵਿੰਦਰ ਸਿੰਘ, ਹਰਵੀਰ ਸਿੰਘ, ਗੁਰਜਿੰਦਰ ਸਿੰਘ, ਹਾਕਮ ਸਿੰਘ, ਜਸਵਿੰਦਰ ਔਜਲਾ, ਵਿਨੀਤ ਕੁਮਾਰ, ਰਣਜੀਤ ਰਬਾਬੀ, ਜਸਵੰਤ ਸਿੰਘ ਪੰਨੂ, ਕਰਮਿੰਦਰ ਸਿੰਘ ਅਤੇ ਜਗਸੀਰ ਸਹੋਤਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਦੇ ਮਦੇਨਜ਼ਰ ਹਾਲ ਦੀ ਘੜੀ ਪੱਕੇ ਮੋਰਚੇ ਨੂੰ ਵਿਰਾਮ ਦਿੱਤਾ ਗਿਆ ਹੈ ਅਤੇ 2 ਦਸੰਬਰ ਦੀ ਚੱਕਾ ਜਾਮ ਰੈਲੀ ਨੂੰ ਮੁਲਤਵੀ ਕੀਤਾ ਜਾਂਦਾ ਹੈ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਸਮਾਜ ਦੇ ਹਰ ਉਸ ਤਬਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਇਹਨਾਂ 56 ਦਿਨਾਂ ਦੇ ਸੰਘਰਸ਼ ਵਿੱਚ ਤਨ-ਮਨ-ਧਨ ਨਾਲ ਮੋਰਚੇ ਦਾ ਡਟਵਾਂ ਸਹਿਯੋਗ ਦਿੱਤਾ ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਪਟਿਆਲੇ ਜਿਲ੍ਹੇ ਸਮੇਤ ਪੂਰੇ ਪੰਜਾਬ ਦੇ ਮੀਡੀਆ ਸਾਥੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹਨਾਂ ਨੇ ਪੂਰੀ ਨਿਰਪੱਖਤਾ ਨਾਲ ਅਧਿਆਪਕ ਵਰਗ ਦੀਆਂ ਮੰਗਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ।