ਦਿੱਲੀ ‘ਚ ਹੁੱਕਾ ਬਾਰ ਬੰਦ ਕਰਵਾਉਣ ਲਈ ਹਮਾਇਤ ਜੁਟਾਉਣ ਵਾਸਤੇ ਲੱਗੇਗੀ ਪ੍ਰਦਰਸ਼ਨੀ

330


ਨਵੀਂ ਦਿੱਲੀ, 21 ਸਤੰਬਰ (ਵਿਸ਼ਵ ਵਾਰਤਾ) : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਹਿਲੀ ਵਾਰ ਲੋਕੀਂ ਅਜਿਹੀ ਪ੍ਰਦਰਸ਼ਨੀ ਵੇਖਣਗੇ ਜਿਸਦਾ ਮਕਸਦ ਦਿੱਲੀ ਵਿਚ ਹੁੱਕਾ ਬਾਰਜ਼  ‘ਤੇ ਮੁਕੰਮਲ ਪਾਬੰਦੀ ਲਾਗੂ ਕਰਵਾਉਣ ਲਈ ਹਮਾਇਤ ਜੁਟਾਉਣਾ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਈ ਜਾ ਰਹੀ ਹੈ।
ਸ੍ਰ ਸਿਰਸਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 22 ਸਤੰਬਰ ਨੂੰ 11.00 ਵਜੇ ਕਨਾਟ ਪਲੇਸ ਨੇੜੇ ਪਾਲਿਕਾ ਬਜ਼ਾਰ ਨਵੀਂ ਦਿੱਲੀ ਵਿਖੇ ਲੋਕਾਂ ਲਈ ਲਗਾਈ ਜਾ ਰਹੀ ਹੈ। ਪ੍ਰਦਰਸ਼ਨੀ ਹੁੱਕਾ ਪੀਣ ਨਾਲ ਸਰੀਰ ‘ਤੇ ਪੈਣ ਵਾਲੇ ਦੁਸ਼ਪ੍ਰਭਾਵ ਬਾਰੇ ਲੋਕਾਂ ਨੂੰ ਜਾਣਕਾਰੀ ਦੇਵੇਗੀ ਤੇ ਇਸਦਾ ਮੁੱਖ ਮਸਕਦ ਦਿੱਲੀ ਵਿਚ ਹੁੱਕਾ ਬਾਰਜ਼ ‘ਤੇ ਮੁਕੰਮਲ ਪਾਬੰਦੀ ਲਾਗੂ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਉਹ ਇਹ ਪ੍ਰਦਰਸ਼ਨੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਕਰ ਰਹੇ ਹਨ ਜਿਸਨੇ ਦਿੱਲੀ ਵਿਚ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਦਾ ਵਿਰੋਧ ਕਰਦਿਆਂ ਆਪਣੀ ਜਾਨ ਗੁਆਈ।
ਉਹਨਾਂ ਹੋਰ ਕਿਹਾ ਕਿ ਹੁੱਕਾ ਪੀਣਾ ਸਿਗਰਟ ਪੀਣ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਉਹਨਾਂ ਦੱਸਿਆ ਕਿ ਇਕ ਸੈਸ਼ਨ ਵਿਚ ਹੀ ਇਕ ਵਿਅਕਤੀ 150 ਸਿਗਰਟਾਂ ਜਿੰਨਾ ਨਸ਼ਾ ਅੰਦਰ ਖਿੱਚ ਲੈਂਦਾ ਹੈ। ਉਹਨਾਂ ਕਿਹਾ ਕਿ 13 ਤੋਂ 15 ਸਾਲ ਦੀ ਉਮਰ ਦੇ ਅਲੜ ਨੌਜਵਾਨ ਹੁੱਕਾ ਪੀਣ ਦੇ ਸਭ ਤੋਂ ਵੱਧ ਆਦਿ ਹਨ ਤੇ ਬਹੁਤ ਮੰਦਭਾਗੀ ਗੱਲ ਹੈ ਕਿ ਹਰ ਰੋਜ਼ 2500 ਵਿਅਕਤੀ ਇਸ ਆਦਤ ਦੇ ਕਾਰਨ ਮੌਤ ਦੇ ਮੂੰਹ ਵਿਚ ਪੈ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਪਹਿਲਾਂ ਹੀ ਆਪਣੇ ਰਾਜਾਂ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲਗਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਸਮਾਜ ਦੀਆ ਕਈ ਅਹਿਮ ਹਸਤੀਆ ਜਿਹਨਾਂ ਵਿਚ ਜਨਰਲ ਜੇ ਜੇ ਸਿੰਘ ਸਾਬਕਾ ਮੁਖੀ ਭਾਰਤੀ ਫੌਜ, ਮਨੋਜ ਤਿਵਾੜੀ ਐਮ ਪੀ ਅਤੇ ਪ੍ਰਧਾਨ ਦਿੱਲੀ ਭਾਜਪਾ, ਕੇ ਟੀ ਐਸ ਤੁਲਸੀ ਵਕੀਲ ਤੇ ਐਮ ਪੀ, ਪਰਵੇਸ਼ ਸਾਹਿਬ ਸਿੰਘ ਵਰਮਾ ਐਮ ਪੀ, ਸ੍ਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਹੇਸ਼ ਗਿਰੀ ਐਮ ਪੀ, ਵਿਕਰਮਜੀਤ ਸਿੰਘ ਸਾਹਨੀ ਪਦਮਸ੍ਰੀ ਤੇ ਅੰਜਨਾ ਓਮ ਕਸ਼ਯਪ ਪੱਤਰਕਾਰ ਨੇ ਦਿੱਲੀ ਵਿਚ ਹੁੱਕਾ ਬਾਰਜ਼ ਦੇ ਖਿਲਾਫ ਮੁਹਿੰਮ  ਸ਼ੁਰੂ ਕਰਨ ਤੇ ਇਸਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।
ਸ੍ਰ ਸਿਰਸਾ ਨੇ ਕਿਹਾ ਕਿ ਪ੍ਰਦਰਸ਼ਨੀ ਦਾ ਮਕਸਦ ਲੋਕਾਂ ਨੂੰ ਇਸ ਆਦਤ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਤੇ ਹੁੱਕਾ ਬਾਰਜ਼ ‘ਤੇ ਪਾਬੰਦੀ ਲਗਵਾਉਣ ਲਈ ਸਰਕਾਰ ‘ਤੇ ਦਬਾਅ ਪਾਉਣ ਵਾਸਤੇ ਹਮਾਇਤ ਜੁਟਾਉਣਾ ਹੈ।