ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਨਅਤਾਂ ਨਾਲ 455 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ

468

-ਪੰਜਾਬ ਐਪੇਰਲ ਐਂਡ ਟੈਕਸਟਾਈਲ ਕੰਨਕਲੇਵ ਸੂਬੇ ਵਿੱਚ ਸਨਅਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਸਫ਼ਲ ਰਹੀ

ਚੰਡੀਗੜ੍ਹ/ਲੁਧਿਆਣਾ, 13 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਇੱਕ ਰੋਜ਼ਾ ਪੰਜਾਬ ਐਪੇਰਲ ਐਂਡ ਟੈਕਸਟਾਈਲ ਕੰਨਕਲੇਵ ਸੂਬੇ ਵਿੱਚ ਸਨਅਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਸਫ਼ਲ ਰਹੀ। ਸੂਬੇ ਵਿੱਚ ਆਪਣੀ ਤਰ੍ਹਾਂ ਦੀ ਇਸ ਪਹਿਲੀ ਕੰਨਕਲੇਵ ਦੌਰਾਨ ਇੱਕ ਛੱਤ ਹੇਠਾਂ ਇਕੱਤਰ ਹੋਏ ਸਨਅਤਕਾਰਾਂ ਨੇ ਜਿੱਥੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ, ਉਥੇ ਮੌਕੇ ‘ਤੇ ਹੀ 455.34 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ ਹੋਏ। ਇਹ ਸਮਝੌਤੇ ਦੇਸ਼ ਦੀਆਂ ਪ੍ਰਮੁੱਖ 9 ਸਨਅਤੀ ਇਕਾਈਆਂ ਵੱਲੋਂ ਪੰਜਾਬ ਸਰਕਾਰ ਨਾਲ ਕੀਤੇ ਗਏ।

ਇਨ੍ਹਾਂ ਇਕਾਈਆਂ ਵਿੱਚ ਵਿਨ ਗੋਨ ਇੰਡੀਆ ਪ੍ਰਾਈਵੇਟ ਲਿਮਿਟਡ (150 ਕਰੋੜ ਰੁਪਏ), ਫਤਹਿ ਅਲਾਏਜ਼ ਪ੍ਰਾਈਵੇਟ ਲਿਮਿਟਡ (110.84 ਕਰੋੜ), ਫਸਟ ਰਿਲਾਇਬਲ ਇੰਡਸਟਰੀਜ਼ (50 ਕਰੋੜ), ਅਰੀਭਾ ਨਿੱਟਵੀਅਰਜ਼ (50 ਕਰੋੜ), ਰੋਟਾਕਸਾ ਆਟੋ ਇੰਡੀਆ ਪ੍ਰਾਈਵੇਟ ਲਿਮਿਟਡ (39.5 ਕਰੋੜ), ਫਤਹਿ ਅਲਾਏਜ਼ ਪ੍ਰਾਈਵੇਟ ਲਿਮਿਟਡ (25 ਕਰੋੜ), ਮਾਊਂਟ ਮੇਰੂ ਇੰਡਸਟਰੀਜ਼ (10 ਕਰੋੜ), ਫੈਰੋ ਸੋਨਾ ਗਾਰਮੈਂਟਸ ਪ੍ਰਾਈਵੇਟ ਲਿਮਿਟਡ (10 ਕਰੋੜ) ਅਤੇ ਯੂਨਾਈਟਿਡ ਇੰਟਰਨੈਸ਼ਨਲ (10 ਕਰੋੜ) ਸ਼ਾਮਿਲ ਹਨ। ਇਹ ਸਨਅਤਾਂ ਟੈਕਨੀਕਲ ਟੈਕਸਟਾਈਲ, ਕੰਪੋਜ਼ਿਟ ਹੌਜ਼ਰੀ, ਸਪਿਨਿੰਗ ਗਾਰਮੈਂਟਸ ਮੈਨੂੰਫੈਕਚਰਿੰਗ, ਫੈਬਰਿਕ ਨਿਟਿੰਗ, ਅਪੈਰੇਲ ਮੈਨੂੰਫੈਕਚਰਿੰਗ, ਸਪਿੰਨਿੰਗ, ਨਿਟਿੰਗ, ਫੈਬਰਿਕਸ, ਰੈਡੀਮੇਡ ਗਾਰਮੈਂਟਸ, ਆਟੋ ਪਾਰਟਸ, ਸੀ.ਏ.ਸਟੋਵ ਅਤੇ ਪਾਈਪ ਮੈਨੂੰਫੈਕਚਰਿੰਗ ਖੇਤਰਾਂ ਨਾਲ ਸੰਬੰਧਤ ਹਨ।

ਇਸ ਮੌਕੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੀਂ ਸਨਅਤੀ ਨੀਤੀ ‘ਤੇ ਜ਼ੋਰ ਦਿੱਤਾ ਹੈ, ਉਸ ਵੇਲੇ ਤੋਂ ਸੂਬੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਹੁਣ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਿੰਗਲ ਵਿੰਡੋ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿੱਥੋਂ 10 ਕਰੋੜ ਰੁਪਏ ਤੱਕ ਦਾ ਉਦਯੋਗ ਲਗਾਉਣ ਲਈ ਮਨਜ਼ੂਰੀ ਬਿਨ੍ਹਾ ਕਿਸੇ ਖੱਜਲ ਖੁਆਰੀ ਦੇ ਮਿਲੇਗੀ।

ਲੁਧਿਆਣਾ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ਨਾਲ ਸੰਬੰਧਤ ਪ੍ਰਮੁੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਨਅਤਾਂ ਪ੍ਰਤੀ ਪੰਜਾਬ ਸਰਕਾਰ ਦੀ ਹਾਂ-ਪੱਖੀ ਨੀਤੀ ਅਤੇ ਨੀਅਤ ਦੇ ਚੱਲਦਿਆਂ ਸੂਬੇ ਵਿੱਚ ਦਿਨੋਂ ਦਿਨ ਸਨਅਤਾਂ ਪੱਖੀ ਮਾਹੌਲ ਪੈਦਾ ਹੋ ਰਿਹਾ ਹੈ। ਇਸ ਮੌਕੇ ਸਨਅਤਕਾਰਾਂ ਨੇ ਵੀ ਸ੍ਰੀ ਅਰੋੜਾ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ ਵਿੱਚ ਹੋਰ ਨਿਵੇਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ), ਸਨਅਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ, ਸਨਅਤ ਵਿਭਾਗ ਦੇ ਡਾਇਰੈਕਟਰ ਸ੍ਰ. ਡੀ. ਪੀ. ਐੱਸ. ਖਰਬੰਦਾ ਅਤੇ ਹੋਰ ਵੀ ਹਾਜ਼ਰ ਸਨ।