ਲੰਗਰ ਤੋਂ ਜੀਐਸਟੀ ਮਾਫੀ ਲਈ ਸੰਸਦ ਭਵਨ ਦੇ ਬਾਹਰ ਸਾਂਸਦਾਂ ਵੱਲੋਂ ਰੋਸ਼ ਵਿਖਾਵਾ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਪਹਿਲਕਦਮੀ ਨਾਲ ਅਕਾਲੀ ਸਾਂਸਦ ਵੀ ਮੰਗ ਦੇ ਹੱਕ ਵਿਚ ਆਏ
ਚੰਡੀਗੜ, 4 ਅਪ੍ਰੈਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਅੱਜ ਉਸ ਸਮੇਂ ਇਕ ਵਾਰ ਫਿਰ ਪ੍ਰਮਾਣਿਤ ਹੋਈ ਜਦ ਉਨਾਂ ਲੰਗਰ ਤੋਂ ਜੀ.ਐਸ.ਟੀ. ਸਮਾਪਤ ਕਰਨ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਸੰਸਦ ਭਵਨ ਦੇ ਬਾਹਰ ਰੋਸ਼ ਵਿਖਾਵੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸਾਂਸਦਾਂ ਨੂੰ ਵੀ ਨਾਲ ਜੋੜ ਲਿਆ।
ਅੱਜ ਸੰਸਦ ਭਵਨ ਦੇ ਬਾਹਰ ਲੰਗਰ ਤੋਂ ਜੀ.ਐਸ.ਟੀ. ਖਤਮ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਰੋਸ਼ ਵਿਖਾਵੇ ਵਿਚ ਜਿੱਥੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸਾਂਸਦ ਸ੍ਰੀ ਸੰਤੋਖ ਚੌਧਰੀ, ਸ: ਗੁਰਜੀਤ ਸਿੰਘ ਔਜਲਾ, ਸ: ਰਵਨੀਤ ਸਿੰਘ ਬਿੱਟੂ ਨੇ ਭਾਗ ਲਿਆ ਉਥੇ ਹੀ ਬਿਹਾਰ ਤੋਂ ਸਾਂਸਦ ਰੰਜੀਤਾ ਰੰਜਨ ਨੇ ਵੀ ਸ਼ਿਰਕਤ ਕੀਤੀ। ਜਦ ਕਿ ਮਨੁੱਖਤਾ ਭਲਾਈ ਦੇ ਇਸ ਕਾਰਜ ਲਈ ਕੇਂਦਰ ਸਰਕਾਰ ਨੂੰ ਮਨਾਉਣ ਲਈ ਸ੍ਰੀ ਸੁਨੀਲ ਜਾਖੜ ਨੇ ਪਾਰਟੀਲਾਈਨ ਤੋਂ ਉਪਰ ਉਠ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਂਸਦਾਂ ਸ: ਸੁਖਦੇਵ ਸਿੰਘ ਢਿਡਸਾਂ ਅਤੇ ਸ: ਬਲਵਿੰਦਰ ਸਿੰਘ ਭੂੰਦੜ ਨੂੰ ਵੀ ਇਸ ਮੰਗ ਨਾਲ ਜੋੜਿਆ ਅਤੇ ਇੰਨਾਂ ਸਭ ਸਾਂਸਦਾਂ ਨੇ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦੁਰਗਿਆਣਾ ਮੰਦਰ ਦੇ ਲੰਗਰਾਂ ਦੀ ਰਸਦ ਤੇ ਲੱਗਣ ਵਾਲੇ ਜੀਐਸਟੀ ਨੂੰ ਮਾਫ ਕੀਤਾ ਜਾਵੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਦੇ ਲੰਗਰ ਤੇ ਲੱਗਣ ਵਾਲੇ ਰਾਜ ਸਰਕਾਰ ਦੇ ਹਿੱਸੇ ਦਾ ਜੀ.ਐਸ.ਟੀ. ਕਰ ਵਾਪਿਸ ਲੈ ਲਿਆ ਹੈ। ਉਨਾਂ ਨੇ ਕਿਹਾ ਕਿ ਇਸੇ ਹੀ ਤਰਜ ਤੇ ਕੇਂਦਰ ਸਰਕਾਰ ਵੀ ਆਪਣੇ ਹਿੱਸੇ ਦੇ ਜੀ.ਐਸ.ਟੀ. ਨੂੰ ਮਾਫ ਕਰੇ।
ਸ੍ਰੀ ਜਾਖੜ ਨੇ ਕਿਹਾ ਕਿ ਲੰਗਰ ਬਿਨਾ ਕਿਸੇ ਫੀਸ ਜਾਂ ਰਕਮ ਦੇ ਮੁਫ਼ਤ ਵਿਚ ਸਭ ਲਈ ਬਿਨਾਂ ਕਿਸੇ ਭੇਦਭਾਵ ਦੇ ਪਰੋਸਿਆ ਜਾਂਦਾ ਹੈ ਅਤੇ ਇਹ ਕੋਈ ਵਪਾਰਕ ਗਤੀਵਿਧੀ ਨਹੀਂ ਹੈ ਕਿ ਇਸ ਤੇ ਕਰ ਲਗਾਇਆ ਜਾਵੇ। ਉਨਾਂ ਨੇ ਕਿਹਾ ਕਿ ਇਹ ਮਨੁੱਖਤਾ ਭਲਾਈ ਦਾ ਕਾਰਜ ਹੈ ਅਤੇ ਸਦੀਆਂ ਤੋਂ ਭਾਰਤੀ ਪ੍ਰੰਪਰਾ ਦਾ ਹਿੱਸਾ ਰਿਹਾ ਹੈ। ਇਸ ਲਈ ਲੰਗਰਾਂ ਅਤੇ ਪ੍ਰਸਾਦ ਤੇ ਕਰ ਲਗਾਉਣ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।
ਸ੍ਰੀ ਜਾਖੜ ਨੇ ਬਾਕੀ ਸਾਂਸਦਾਂ ਨਾਲ ਸੰਸਦ ਭਵਨ ਬਾਹਰ ਰੋਸ ਵਿਖਾਵਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇੇਂਦਰ ਸਰਕਾਰ ਨੂੰ ਬਿਨਾਂ ਦੇਰੀ ਲੰਗਰ ਅਤੇ ਪ੍ਰਸਾਦ ਤੋਂ ਜੀ.ਐਸ.ਟੀ. ਮਾਫ ਕਰਨਾ ਚਾਹੀਦਾ ਹੈ।