(ਬਹਾਨੇ ਨਾ ਬਣਾਓ, ਕਰਜ਼ਾ ਮੁਆਫੀ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ‘ਚ ਨਾਕਾਮੀ ਲਈ ਮਨਪ੍ਰੀਤ ਬਾਦਲ ਦੀ ਛੁੱਟੀ ਕਰੋ)
(ਕਿਸਾਨਾਂ, ਮਜ਼ਦੂਰਾਂ ਅਤੇ ਦਲਿਤਾਂ ਲਈ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਵਾਸਤੇ ਸਰਕਾਰ ਨੂੰ ਮਜ਼ਬੂਰ ਕਰਨ ਲਈ ਅਕਾਲੀ ਦਲ ਇੱਕ ਅੰਦੋਲਨ ਚਲਾਏਗਾ)
ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਮੁਕਰ ਕੇ ਆਪਣੀ ਕੁਰਸੀ ਉੱਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ। ਇਹ ਵਾਅਦਾ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਚ ਵਿਧਾਨ ਸਭਾ ਕੀਤਾ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਦੇ ਮੁਖੀ ਵਜੋਂ ਪੰਜਾਬ ਦੇ ਕਿਸਾਨਾਂ ਨਾਲ ਇਹ ਪਵਿੱਤਤਰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦੇਣਗੇ। ਉਹਨਾਂ ਕਿਹਾ ਕਿ ਤੁਸੀਂ ਕਿਸਾਨਾਂ ਦੇ ਸਹਿਕਾਰੀ ਅਤੇ ਰਾਸ਼ਟਰੀ ਬੈਂਕਾਂ ਤੋਂ ਇਲਾਵਾ ਆੜਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਤੁਸੀਂ ਇਹ ਵਾਅਦਾ ਵਿਧਾਨ ਸਭਾ ਵਿਚ ਵੀ ਦੁਹਰਾਇਆ ਸੀ। ਪਰੰਤੂ ਕੱਲ੍ਹ ਤੁਸੀਂ ਇਹ ਕਹਿੰਦਿਆਂ ਆਪਣੀ ਵਚਨਬੱਧਤਾ ਤੋਂ ਮੁਕਰ ਗਏ ਹੋ ਕਿ ਤੁਸੀਂ ਫਸਲੀ ਕਰਜ਼ਾ ਸਕੀਮ ਤਹਿਤ ਸਾਰੇ ਕਰਜ਼ਦਾਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰੋਗੇ।
ਇਸ ਟਿੱਪਣੀ ਨੂੰ ਕਰਜ਼ਾ ਮੁਆਫੀ ਦੀ ਸਕੀਮ ਵਿਚ ਸ਼ਾਮਿਲ ਕੀਤੇ ਜਾਣ ਦੀ ਆਸ ਲਈ ਬੈਠੇ ਕਿਸਾਨ ਭਾਈਚਾਰੇ ਲਈ ਮੌਤ ਦੀ ਘੰਟੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਿਲਕੁਲ ਉਲਟ ਗੱਲ ਵਾਪਰੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 47 ਹਜ਼ਾਰ ਕਿਸਾਨਾਂ ਲਈ 167 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ, ਜਿਹੜੀ ਕਿ ਕੁੱਲ ਕਰਜ਼ੇ ਦਾ ਇੱਕ ਫੀਸਦ ਵੀ ਨਹੀਂ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਫਸਲੀ ਕਰਜ਼ਿਆਂ ਦੇ ਨਿਬੇੜੇ ਲਈ ਥੋੜ੍ਹੀ ਬਹੁਤ ਹੋਰ ਰਕਮ ਜਾਰੀ ਕਰੇਗੀ ਅਤੇ ਫਿਰ ਉਸ ਤੋਂ ਬਾਅਦ ਇਸ ਸਕੀਮ ਨੂੰ ਬੰਦ ਕਰ ਦੇਵੇਗੀ। ਇਸ ਤਰ੍ਹਾਂ ਕਰਜ਼ਾ ਮੁਆਫੀ ਦੇ ਅਸਲੀ ਹੱਕਦਾਰਾਂ ਦੇ ਹੱਥ ਖਾਲੀ ਹੀ ਰਹਿ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦੀ ਆਪਣਾ ਵਾਅਦਾ ਪੂਰਾ ਕਰਨ ਦੀ ਨੀਅਤ ਹੀ ਨਹੀ ਸੀ ਤਾਂ ਉਹਨਾਂ ਨੇ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਕਿਸਾਨਾਂ ਕੋਲ ਝੂਠ ਕਿਉਂ ਬੋਲਿਆ ਅਤੇ ਉਹਨਾਂ ਨੂੰ ਧੋਖਾ ਕਿਉਂ ਦਿੱਤਾ?
ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨ ਦੇ ਬਹਾਨੇ ਨਾ ਘੜਣ। ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲਾ ਕਾਂਗਰਸੀ ਚੋਣ ਮਨੋਰਥ ਪੱਤਰ ਮੌਜੂਦਾ ਵਿੱਤ ਮੰਤਰੀ ਵੱਲੋਂ 6 ਮਹੀਨੇ ਸਟੱਡੀ ਕਰਨ ਮਗਰੋਂ ਤਿਆਰ ਕੀਤਾ ਗਿਆ ਸੀ। ਕਰਜ਼ਾ ਮੁਆਫੀ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ‘ਚ ਨਾਕਾਮੀ ਲਈ ਉਸ ਦੀ ਤੁਰੰਤ ਛੁੱਟੀ ਕਰਨੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਟਿੱਪਣੀ ਲਈ ਵੀ ਮੁੱਖ ਮੰਤਰੀ ਦਾ ਮਜ਼ਾਕ ਉਡਾਇਆ ਕਿ ਸਰਕਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਕਰਜ਼ਾ ਮੁਆਫ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਇਹ ਝੂਠ ਹੈ। ਇੱਥੋਂ ਤਕ ਕਿ ਬੈਂਕਾਂ ਨੇ ਬਿਆਨ ਦੇ ਦਿੱਤਾ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਫਸਲੀ ਕਰਜ਼ਾ ਮੁਆਫੀ ਸਕੀਮ ਤੋਂ ਕੋਈ ਲਾਭ ਨਹੀਂ ਹੋਇਆ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਅਜਿਹੀ ਟਿੱਪਣੀ ਕਰਕੇ ਅੱਗ ਨਾਲ ਖੇਡਣ ਤੋਂ ਵਰਜਿਆ ਕਿ ਇਸ ਮੁੱਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਝੂਠਾ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਤੁਹਾਡੇ ਵੱਲੋਂ ਕੀਤੇ ਵਾਅਦਿਆਂ ਅਤੇ ਉਹਨਾਂ ਨੂੰ ਮੁਕੰਮਲ ਕਰਜ਼ਾ ਮੁਆਫੀ ਦਾ ਯਕੀਨ ਦਿਵਾਉਣ ਲਈ ਦਿੱਤੇ ਹਲਫੀਆ ਬਿਆਨਾਂ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਢੰਗ ਨਾਲ ਉਹਨਾਂ ਦੀ ਬੇਇੱਜ਼ਤੀ ਕਰਕੇ ਤੁਸੀਂ ਉਹਨਾਂ ਅੱਗੇ ਇਸ ਤੋਂ ਇਲਾਵਾ ਕੋਈ ਵਿਕਲਪ ਨਹੀਂ ਛੱਡ ਰਹੇ ਕਿ ਜਾਂ ਤਾਂ ਉਹ ਇਸ ਬੇਇਨਸਾਫੀ ਖ਼ਿਲਾਫ ਸੜਕਾਂ ਉੱੇਤੇ ਆ ਜਾਣ ਜਾਂ ਫਿਰ ਆਪਣੇ 400 ਸਕੇ ਸੰਬੰਧੀਆਂ ਵਾਂਗ ਆਪਣੀਆਂ ਜ਼ਿੰਦਗੀਆਂ ਦਾ ਖਾਤਮਾ ਕਰ ਲੈਣ।
ਇਹ ਕਹਿੰਦਿਆਂ ਕਿ ਪੰਜਾਬ ਦੇ ਕਿਸਾਨ ਕਾਂਗਰਸ ਨੂੰ ਇਹ ਵਿਸ਼ਵਾਸ਼ਘਾਤ ਕਰਕੇ ਭੱਜਣ ਨਹੀਂ ਦੇਣਗੇ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਵਾਸਤੇ ਸਰਕਾਰ ਨੂੰ ਮਜ਼ਬੂਰ ਕਰਨ ਲਈ ਅਕਾਲੀ ਦਲ ਇੱਕ ਅੰਦੋਲਨ ਚਲਾਏਗਾ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਅੰਦੋਲਨ ਕਰਾਂਗੇ ਕਿ ਖੇਤ ਮਜ਼ਦੂਰਾਂ ਅਤੇ ਦਲਿਤ ਭਾਈਚਾਰੇ ਦਾ ਕਰਜ਼ਾ ਵੀ ਮੁਆਫ ਹੋਵੇ। ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਵੀ ਮੁਕਰ ਗਏ ਹਨ।
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...