ਫਾਜ਼ਿਲਕਾ, 18 ਜਨਵਰੀ (ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਨਵ-ਜਨਮੇ 8 ਬੱਚਿਆਂ ਨੂੰ ਆਪਣੇ ਹੱਥੀਂ ਕੰਬਲ ਵੰਡੇ ਗਏ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਉਨ੍ਹਾਂ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ ਤੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਮਰੀਜਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਤੇ ਲੋੜੀਂਦੀਆਂ ਡਾਕਟਰੀ ਸੇਵਾਵਾਂ ਨੂੰ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਇਆ ਜਾਵੇ।
ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਨਵ-ਜਨਮੇ ਬੱਚਿਆਂ ਨੂੰ ਦਿੱਤੇ ਗਏ ਕੰਬਲਾਂ ਨੂੰ ਵੰਡਣ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਾਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲੜਕੇ ਅਤੇ ਲੜਕੀਆਂ ਵਿੱਚ ਕੋਈ ਫਰਕ ਨਾ ਸਮਝਣ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ। ਵੱਖ-ਵੱਖ ਵਾਰਡਾਂ ਦੇ ਦੌਰੇ ਦੌਰਾਨ ਉਨ੍ਹਾਂ ਵੱਲੋਂ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨਾਲ ਮੌਜੂਦ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਐਸ.ਐਮ.ਓ ਫਾਜ਼ਿਲਕਾ ਡਾ. ਰਾਜੇਸ਼ ਸ਼ਰਮਾ ਨੂੰ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ ਮੁਹੱਈਆ ਕਰਵਾਇਆ ਜਾਵੇ।
ਹਸਪਤਾਲ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੈਟਰਨਿਟੀ ਵਾਰਡ, ਗਾਇਨੀ ਓ.ਪੀ.ਡੀ., ਲੇਬਰ ਰੂਮ, ਓ.ਪੀ.ਡੀ. ਬਲਾਕ, ਬਾਇਓ ਕਮਿਸਟਰੀ ਲੈਬ, ਲੈਬਾਰਟਰੀ, ਐਕਸਰੇਅ-ਰੂਮ, ਸਟਾਕ ਰੂਮ ਤੇ ਨਸ਼ਾ ਛੁਡਾਓ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਸਪਤਾਲ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਜੋ ਡਾਕਟਰਾਂ ਦੀ ਘਾਟ ਹੈ ਇਸ ਸਬੰਧੀ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਤੇ ਜਲਦ ਹੀ ਖਾਲੀ ਅਸਾਮੀਆਂ ਵੀ ਭਰੀਆਂ ਜਾਣਗੀਆਂ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ ਤੋਂ ਇਲਾਵਾ ਡਾਕਟਰੀ ਸਟਾਫ ਤੇ ਹੋਰ ਅਧਿਕਾਰੀ ਮੌਜੂਦ ਸਨ।