ਹਰ ਕਿਸਾਨ ਨੂੰ ਬਿਜਲੀ ਉਤਪਾਦਕ ਬਨਾਉਣ ਲਈ ਪੰਜਾਬ ਸਰਕਾਰ ਨੱਥੂ ਚਾਹਲ ਵਿਖੇ ਸ਼ੁਰੂ ਕਰੇਗੀ ਪਾਇਲਟ ਪ੍ਰੋਜੈਕਟ : ਰਾਣਾ ਗੁਰਜੀਤ ਸਿੰਘ

70


– ਬਿਜਲੀ ਸਬਸਿਡੀ ਬਚਾਉਣ ਲਈ ਇਸ ਪ੍ਰੋਜੈਕਟ ਨੂੰ ਜਲਦੀ ਹੀ ਰਾਜ ਭਰ ਵਿੱਚ ਲਾਗੂ ਕੀਤਾ ਜਾਵੇਗਾ
– ਟਿਊਬਵੈੱਲ ਕੁਨੈਕਸ਼ਨ ‘ਤੇ ਆਧਾਰਤ ਛੋਟੇ ਸੌਰ ਊਰਜਾ ਪ੍ਰੋਜੈਕਟ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੀ ਹੋਣਗੇ ਸਹਾਈ
– ਸਸਤੀ ਤੇ ਪ੍ਰਦੂਸ਼ਣ ਰਹਿਤ ਊਰਜਾ, ਬਿਜਲੀ ਬਚਤ ਵਾਲੇ ਉਪਕਰਨ ਅਤੇ ਬਿਜਲੀ ਵਾਹਨ ਪ੍ਰਦੂਸ਼ਨ ਤੇ ਮਹਿੰਗਾਈ ਘਟਾਉਣ ਦੇ ਨਾਲ-ਨਾਲ ਤਰੱਕੀ ਦੀ ਕੁੰਝੀ ਹਨ
– ‘ਉਜਾਲਾ’ ਯੋਜਨਾ ਦੇ ਪ੍ਰਚਾਰ ਲਈ 16 ਵੈਨਾਂ ਨੂੰ ਦਿੱਤੀ ਹਰੀ ਝੰਡੀ
ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ), 10 ਜਨਵਰੀ (ਵਿਸ਼ਵ ਵਾਰਤਾ)- ਬਿਜਲੀ ਅਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੇ ਹਰੇਕ ਕਿਸਾਨ ਨੂੰ ਬਿਜਲੀ ਖ਼ਪਤਕਾਰ ਤੋਂ ਬਿਜਲੀ ਉਤਪਾਦਕ ਬਨਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਪੁੱਟਦਿਆਂ ਪੰਜਾਬ ਸਰਕਾਰ ਕਪੂਰਥਲਾ ਜ਼ਿਲ੍ਹੇ ਦੇ ਨੱਥੂ ਚਾਹਲ ਫੀਡਰ ਵਿਖੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ ਕਿਸਾਨ ਨਾ ਸਿਰਫ ਸੌਰ ਊਰਜਾ ‘ਤੇ ਚੱਲਣ ਵਾਲੇ ਟਿਊਬਵੈੱਲਾਂ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣਗੇ ਬਲਕਿ ਵਰਤੋਂ ਵਿੱਚ ਨਾ ਹੋਣ ਸਮੇਂ ਉਹ ਇਹ ਊਰਜਾ ਵੇਚ ਵੀ ਸਕਣਗੇ।

ਨੱਥੂ ਚਾਹਲ ਦੇ 100 ਫੀਸਦੀ ਖੇਤੀਬਾੜੀ ਫੀਡਰ ਅਧੀਨ 63 ਟਰਾਂਸਫਾਰਮਰ ਹਨ ਜਿਨ੍ਹਾਂ ਤੋਂ 1899 ਹਾਰਸ ਪਾਵਰ ਵਾਲੇ 178 ਪੰਪਾਂ ਨੂੰ ਬਿਜਲੀ ਮੁਹੱਈਆ ਕੀਤੀ ਜਾਂਦੀ ਅਤੇ ਪ੍ਰਤੀ ਪੰਪ ਔਸਤਨ 10.66 ਹਾਰਸ ਪਾਵਰ ਦਾ ਲੋਡ ਹੈ। ਇਸ ਫੀਡਰ ਰਾਹੀਂ ਅਗਸਤ 2016 ਤੋਂ ਅਕਤੂਬਰ 2017 ਤੱਕ ਕੁੱਲ 23.76 ਲੱਖ ਯੂਨਿਟ ਬਿਜਲੀ ਦੀ ਖਪਤ ਹੋਈ। 6 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਇਸ ਦੀ 142.56 ਲੱਖ ਰੁਪਏ ਪ੍ਰਤੀ ਵਰ੍ਹਾ ਸਬਸਿਡੀ ਬਣਦੀ ਹੈ।

ਇਸ ਪਾਇਲਟ ਪ੍ਰੋਜੈਕਟ ਦਾ ਐਲਾਨ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ‘ਉਜਾਲਾ’ ਪ੍ਰੋਗਰਾਮ ਪ੍ਰਤੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਤੇਜ਼ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਨਿਵੇਕਲੇ ਵਿਚਾਰਾਂ ਅਤੇ ਤਕਨੀਕਾਂ ਨੂੰ ਵੀ ਅਮਲ ‘ਚ ਲਿਆਂਦਾ ਜਾ ਰਿਹਾ ਹੈ। ਰਾਣਾ ਗੁਰਜੀਤ ਸਿੰਘ, ਜੋ ਖੁਦ ਵੀ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਮਾਹਿਰ ਹਨ, ਨੇ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਦੀ ਵਰਤੋਂ ਇਸ ਪ੍ਰੋਜੈਕਟ ਦੀ ਕਾਮਯਾਬੀ ਨੂੰ ਪਰਖਣ ਲਈ ਕੀਤੀ ਜਾਵੇਗੀ ਤਾਂ ਜੋ ਅਗਲੇ 5 ਸਾਲਾਂ ਦੌਰਾਨ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਸੂਬੇ ਭਰ ਵਿੱਚ ਲਾਗੂ ਕੀਤਾ ਜਾ ਸਕੇ।

ਇਸ ਪ੍ਰੋਜੈਕਟ ਦੀ ਮਹੱਤਤਾ ‘ਤੇ ਰੋਸ਼ਨੀ ਪਾਉਂਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਨ ਰੂਪ ਵਿੱਚ ਲਾਗੂ ਹੋਣ ਨਾਲ ਨਾ ਸਿਰਫ ਪੰਜਾਬ ਦੇ ਹਰ ਕਿਸਾਨ ਨੂੰ ਵਾਧੂ ਆਮਦਨ ਪ੍ਰਾਪਤ ਹੋਵੇਗੀ ਬਲਕਿ ਸਰਕਾਰ ਵੱਲੋਂ ਹਰ ਸਾਲ ਖੇਤੀਬਾੜੀ ਲਈ ਬਿਜਲੀ ਸਬਸਿਡੀ ‘ਤੇ ਖਰਚ ਕੀਤੇ ਜਾ ਰਹੇ 7000 ਕਰੋੜ ਰੁਪਏ ਦੀ ਵੀ ਬਚਤ ਹੋਵੇਗੀ। ਉਨ੍ਹਾਂ ਕਿਹਾ, ”ਇਸ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਨੂੰ ਬਿਜਲੀ ਬਚਤ ਵਾਲੀਆਂ 5 ਸਟਾਰ ਮੋਟਰਾਂ ਨਾਲ ਤਬਦੀਲ ਕਰ ਦਿੱਤਾ ਜਾਵੇਗਾ ਜੋ ਸੌਰ ਊਰਜਾ ਨਾਲ ਚੱਲਣਗੀਆਂ ਅਤੇ ਵਰਤੋਂ ਵਿੱਚ ਨਾ ਹੋਣ ਸਮੇਂ ਕਿਸਾਨ ਇਹ ਸੌਰ ਊਰਜਾ ਵੇਚ ਸਕਣਗੇ। ਇਸ ਸਦਕਾ ਕਿਸਾਨ ਆਪਣੇ ਟਿਊਬਵੈੱਲ ਸਿਰਫ ਲੋੜ ਸਮੇਂ ਹੀ ਚਲਾਉਣਗੇ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਵੀ ਰੁਕੇਗੀ।”

‘ਉਜਾਲਾ’ ਯੋਜਨਾ ਦੇ ਪ੍ਰਚਾਰ ਲਈ ਵਿਸ਼ੇਸ਼ ਗੱਡੀਆਂ ਨੂੰ ਝੰਡੀ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ ਸਸਤੇ ਭਾਅ ‘ਤੇ ਬਲਬ, ਟਿਊਬਾਂ ਅਤੇ ਪੱਖੇ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਦਾ ਬਹੁਤ ਸਾਰੇ ਲੋਕ ਫਾਇਦਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਪ੍ਰਤੀ ਲੋਕਾਂ ਨੂੰ ਹੋਰ ਜਾਗਰੂਕ ਕਰਨ ਅਤੇ ਬਿਜਲੀ ਬਚਤ ਵਾਲੇ ਉਪਕਰਨਾਂ ਦੀ ਵਰਤੋਂ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਐਨਰਜੀ ਐਫੀਸ਼ੈਂਸੀ ਸਰਵਸਿਜ ਲਿਮੀਟਿਡ (ਈ.ਈ.ਐਸ.ਐਲ) ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ 16 ਪ੍ਰਚਾਰ ਵਾਹਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਉਨ੍ਹਾਂ ਇਹ ਯੋਜਨਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਯੋਜਨਾ ਸਦਕਾ ਦੇਸ਼ ਭਰ ਵਿੱਚ ਬਿਜਲੀ ਦੀ ਬਹੁਤ ਬਚਤ ਹੋ ਰਹੀ ਹੈ।

ਉਨ੍ਹਾਂ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਐਸਏਐਸ ਨਗਰ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ, ਵਧੀਕ ਮੁੱਖ ਸਕੱਤਰ ਊਰਜਾ ਸ੍ਰੀ ਸਤੀਸ਼ ਚੰਦਰਾ ਅਤੇ ਈ.ਈ.ਐਸ.ਐਲ ਦੇ ਰੀਜਨਲ ਮੈਨੇਜਰ (ਪੰਜਾਬ) ਸ੍ਰੀ ਨਿਤਿਨ ਭੱਟ ਨੇ ਸਸਤੀ ਤੇ ਪ੍ਰਦੂਸ਼ਣ ਰਹਿਤ ਊਰਜਾ ਦੇ ਉਤਪਾਦਨ, ਬਿਜਲੀ ਬਚਤ ਵਾਲੇ ਉਪਕਰਨਾਂ ਅਤੇ ਬਿਜਲੀ ਆਧਾਰਤ ਵਾਹਨਾਂ ਨੂੰ ਮਹਿੰਗਾਈ ਘਟਾਉਣ ਦੇ ਨਾਲ-ਨਾਲ ਤਰੱਕੀ ਦੀ ਕੂੰਝੀ ਦੱਸਿਆ। ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਰਟ ਸ੍ਰੀ ਏ. ਵੇਨੂੰ ਪ੍ਰਸਾਦ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਵਿਧਾਇਕ ਸਿੱੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਐਮਸੀ ਅਮਰੀਕ ਸਿੰਘ ਸੋਮਲ, ਐਮਸੀ ਸੁਰਿੰਦਰ ਸਿੰਘ ਰਾਜਪੂਤ, ਐਮਸੀ ਜਸਵੀਰ ਸਿੰਘ ਮਾਣਕੂ, ਰਣਜੀਤ ਸਿੰੰਘ ਗਿੱਲ, ਭਗਤ ਸਿੰਘ ਨਾਮਧਾਰੀ, ਮੇਜਰ ਸਿੰਘ, ਨਿਰਮਲ ਕੌਸ਼ਲ, ਜਤਿੰਦਰ ਆਨੰਦ ਟਿੰਕੂ, ਤੇਜਿੰਦਰ ਸਿੰਘ ਪੂਨੀਆ ਵੀ ਹਾਜ਼ਿਰ ਸਨ।