ਸ਼ਹੀਦੀ ਜੋਡ਼ ਮੇਲ ਮੌਕੇ ਗੁਰਦੁਆਰਾ ਸ੍ਰੀ ਫਤਹਿਗਡ਼੍ਹ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ

115

ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ, ਰਿਹਾਇਸ਼, ਮੈਡੀਕਲ ਆਦਿ ਦੇ ਵਿਸ਼ਾਲ ਪ੍ਰਬੰਧ ਕੀਤੇ
ਸ੍ਰੀ ਫਤਹਿਗਡ਼੍ਹ ਸਾਹਿਬ, 27 ਦਸੰਬਰ (ਵਿਸ਼ਵ ਵਾਰਤਾ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਜੋਡ਼-ਮੇਲ ਮੌਕੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਫਤਹਿਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਈਆਂ। ਸ਼ਹੀਦੀ ਜੋੜ ਮੇਲ ਦਾ ਅੱਜ ਤੀਸਰਾ ਤੇ ਆਖਰੀ ਦਿਨ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੋਡਰ ਮੱਲ ਦੀਵਾਨ ਹਾਲ ਅਤੇ ਬਾਹਰਵਾਰ ਖੁੱਲ੍ਹੇ ਪੰਡਾਲ ਵਿਚ ਕੱਲ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਕਥਾਵਾਚਕ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਜੀਵਨੀਆਂ ਸੰਗਤਾਂ ਨੂੰ ਸਰਵਣ ਕਰਵਾਈਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਲੂਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਵਿਸ਼ਾਲ ਪੱਧਰ ‘ਤੇ ਲੰਗਰਾਂ, ਮੈਡੀਕਲ ਡਿਸਪੈਂਸਰੀਆਂ, ਧਾਰਮਿਕ ਸਾਹਿਤ ਪ੍ਰਦਰਸ਼ਨੀਆਂ, ਰਿਹਾਇਸ਼, ਟੈਂਟ, ਜੋਡ਼ੇ-ਘਰ, ਗਠਡ਼ੀ ਘਰ, ਟਰੈਫਿਕ ਆਦਿ ਦੇ ਪ੍ਰਬੰਧ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਜੂਕੇਸ਼ਨ ਡਾਇਰੈਕਟੋਰੇਟ ਵੱਲੋਂ ੨੫-੨੬ ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਵਿਚ ਕਵੀਸ਼ਰੀ, ਕਵਿਤਾ, ਵਾਰ ਗਾਇਨ, ਨਾਟਕ, ਦਸਤਾਰਬੰਦੀ, ਦੁਮਾਲਾਬੰਦੀ, ਪੇਂਟਿੰਗ, ਧਾਰਮਿਕ ਨਿਬੰਦ ਲੇਖਨ ਦੇ ਨਾਲ ਨਾਲ ਗੱਤਕੇ ਦੀ ਪ੍ਰਦਰਸ਼ਨੀ ਵਿਚ ਵੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।