ਬਾਜ਼ਾਰ ‘ਚੋਂ ਗਾਇਬ ਹੋ ਰਹੇ ਹਨ 10, 20 ਅਤੇ 50 ਰੁਪਏ ਦੇ ਨੋਟ, ਕੀ RBI ਨੇ ਬੰਦ ਕਰ ਦਿੱਤੀ ਹੈ ਛਪਾਈ? ਕਾਂਗਰਸ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 22 ਸਤੰਬਰ (ਵਿਸ਼ਵ ਵਾਰਤਾ):– ਭਾਰਤੀ ਬਾਜ਼ਾਰਾਂ ‘ਚੋਂ ਛੋਟੇ ਨੋਟ ਲਗਾਤਾਰ ਗਾਇਬ ਹੋ ਰਹੇ ਹਨ। 10, 20 ਅਤੇ 50 ਦੇ ਨੋਟਾਂ ਦੀ ਕਮੀ ਕਾਰਨ ਸ਼ਹਿਰੀ ਹੀ ਨਹੀਂ ਸਗੋਂ ਪੇਂਡੂ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰੀਬ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੋਕ ਸਭਾ ‘ਚ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ ‘ਚ ਇਹ ਗੱਲ ਕਹੀ ਹੈ।
ਟੈਗੋਰ ਨੇ ਵਿੱਤ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, ਕਈ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਛੋਟੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਇਸ ਦੇ ਪਿੱਛੇ ਦਾ ਕਾਰਨ UPI ਅਤੇ ਨਕਦੀ ਰਹਿਤ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਦੱਸਿਆ ਜਾ ਰਿਹਾ ਹੈ।
ਮਨਿਕਮ ਨੇ ਕਿਹਾ ਕਿ ਸਰਕਾਰ ਲਈ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਸਮਝ ਵਿੱਚ ਆਉਂਦਾ ਹੈ, ਪਰ ਛੋਟੇ ਨੋਟਾਂ ‘ਤੇ ਪਾਬੰਦੀ ਲਗਾਉਣਾ ਬਿਲਕੁਲ ਵੀ ਸਹੀ ਨਹੀਂ ਹੈ। ਇਸ ਕਾਰਨ ਹਰ ਰੋਜ਼ ਨੋਟਾਂ ਰਾਹੀਂ ਛੋਟੀ-ਮੋਟੀ ਅਦਾਇਗੀ ਕਰਨ ਵਾਲੇ ਲੋਕ ਪ੍ਰਭਾਵਿਤ ਹੋ ਰਹੇ ਹਨ। ਡਿਜੀਟਲ ਲੈਣ-ਦੇਣ ਨਾ ਕਰਨ ਵਾਲੇ ਜਾਂ ਪੇਂਡੂ ਲੋਕਾਂ ਨੂੰ ਇਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿੱਤ ਮੰਤਰੀ ਤੋਂ ਤਿੰਨ ਮੰਗਾਂ
ਕਾਂਗਰਸੀ ਆਗੂ ਨੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਰਬੀਆਈ ਨੂੰ ਛੋਟੇ ਨੋਟਾਂ ਦੀ ਛਪਾਈ ਮੁੜ ਸ਼ੁਰੂ ਕਰਨ ਲਈ ਨਿਰਦੇਸ਼ ਦੇਣ।
ਇਹ ਵੀ ਯਕੀਨੀ ਬਣਾਇਆ ਜਾਵੇ ਕਿ ਨੋਟਾਂ ਦੀ ਸਪਲਾਈ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੋਵੇ।
ਇਸ ਦੇ ਨਾਲ ਹੀ ਮਨਿਕਮ ਨੇ ਪਿੰਡਾਂ ਵਿੱਚ ਡਿਜੀਟਲ ਪੇਮੈਂਟ ਦੇ ਬੁਨਿਆਦੀ ਢਾਂਚੇ ‘ਤੇ ਜ਼ੋਰ ਦੇਣ ਦੀ ਗੱਲ ਵੀ ਕਹੀ।
ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਦਿਹਾੜੀਦਾਰ ਮਜ਼ਦੂਰ ਅਤੇ ਰੇਹੜੀ ਫੜ੍ਹੀ ਵਾਲੇ ਖਾਲੀ ਨਕਦੀ ‘ਤੇ ਨਿਰਭਰ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।